੧੫ ਚੇਤ ੨੦੧੯ ਬਿਕ੍ਰਮੀ ਮਨੀ ਸਿੰਘ ਦੇ ਗ੍ਰਹਿ ਪਿੰਡ ਸਿਧਵਾਂ ਜ਼ਿਲਾ ਅੰਮ੍ਰਿਤਸਰ
ਸਤਿਗੁਰ ਪੂਰਾ ਸੱਚਾ ਹਰਿ, ਆਦਿ ਪੁਰਖ ਇਕ ਅਖਵਾਇੰਦਾ। ਸਤਿ ਪੁਰਖ ਨਿਰੰਜਣ ਦੇਵਣਹਾਰਾ ਵਰ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਵਸਣਹਾਰਾ ਸਾਚੇ ਘਰ, ਏਕੰਕਾਰਾ ਸਚਖੰਡ ਦੁਆਰੇ ਸੋਭਾ ਪਾਇੰਦਾ। ਆਦਿ ਨਿਰੰਜਣ ਨਿਰਮਲ ਦੀਆ ਬਾਤੀ ਜੋਤ ਧਰ, ਬਿਨ ਤੇਲ ਬਾਤੀ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸਚ ਸਿੰਘਾਸਣ ਆਪੇ ਖੜ, ਰਾਜਨ ਰਾਜ ਸ਼ਾਹ ਸੁਲਤਾਨ ਆਪਣਾ ਵੇਸ ਵਟਾਇੰਦਾ। ਸ੍ਰੀ ਭਗਵਾਨ ਹੋ ਮਿਹਰਵਾਨ ਨਿਰਗੁਣ ਨਿਰੰਕਾਰ ਆਪਣਾ ਨਾਉਂ ਪੜ੍ਹ, ਬਿਨ ਅੱਖਸ਼ਰ ਆਪੇ ਗਾਇੰਦਾ। ਪਾਰਬ੍ਰਹਮ ਪ੍ਰਭ ਸਰਨ ਸਰਨਾਈ ਆਪੇ ਪੜ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਤਖ਼ਤ ਨਿਵਾਸੀ ਕਿਰਪਾ ਨਿਧ ਠਾਕਰ ਸੁਆਮੀ ਦਇਆ ਕਰ, ਆਪਣੀ ਦਇਆ ਆਪ ਕਮਾਇੰਦਾ। ਆਪਣੀ ਇਛਿਆ ਦੇਵੇ ਵਰ, ਨਿਰਗੁਣ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਅਖਵਾਇੰਦਾ। ਸਤਿਗੁਰ ਸੱਚਾ ਏਕੰਕਾਰਾ, ਆਦਿ ਜੁਗਾਦਿ ਸਮਾਈਆ। ਸਚਖੰਡ ਵਸੇ ਸਚ ਮਨਾਰਾ, ਮਹੱਲ ਅਟੱਲ ਕਰੇ ਰੁਸ਼ਨਾਈਆ। ਤਖ਼ਤ ਨਿਵਾਸੀ ਵਡ ਸਿਕਦਾਰਾ, ਹੁਕਮੀ ਹੁਕਮ ਆਪ ਸੁਣਾਈਆ। ਆਪਣੀ ਇਛਿਆ ਕਰ ਵਰਤਾਰਾ, ਥਿਰ ਘਰ ਸਾਚੀ ਬਣਤ ਬਣਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਬੇਅੰਤ ਬੇਪਰਵਾਹੀਆ। ਵੇਸ ਵਟਾਏ ਨਾਰੀ ਨਾਰਾ, ਕੰਤ ਕੰਤੂਹਲ ਸਾਚੀ ਸੇਜ ਆਪ ਸੁਹਾਈਆ। ਦਾਈ ਦਾਇਆ ਬਣ ਕਰਤਾਰਾ, ਆਪਣਾ ਖੇਲ ਆਪ ਕਰਾਈਆ। ਪੂਤ ਸਪੂਤਾ ਏਕਾ ਜਾਇਆ, ਸ਼ਬਦੀ ਨਾਉਂ ਰਖਾਈਆ। ਸਮਰਥ ਪੁਰਖ ਸਿਰ ਹੱਥ ਟਿਕਾਇਆ, ਥਿਰ ਘਰ ਸਾਚੇ ਦਏ ਬਹਾਈਆ। ਸਚ ਸੰਦੇਸਾ ਇਕ ਸੁਣਾਇਆ, ਏਕੰਕਾਰਾ ਕਰੇ ਪੜ੍ਹਾਈਆ। ਨਿਰਗੁਣ ਨਿਰਗੁਣ ਬੰਧਨ ਆਪੇ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਸਤਿਗੁਰ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਹਰਿ ਅਖਵਾਇੰਦਾ। ਸਚਖੰਡ ਨਿਵਾਸੀ ਬਣ ਮਲਾਹ, ਥਿਰ ਘਰ ਬੇੜਾ ਆਪ ਚਲਾਇੰਦਾ। ਸੋ ਪੁਰਖ ਨਿਰੰਜਣ ਖੇਲ ਕਰਾ, ਆਦਿ ਪੁਰਖ ਨਿਰੰਜਣ ਰੰਗ ਰੰਗਾਇੰਦਾ। ਵਸਣਹਾਰਾ ਸਾਚੇ ਥਾਂ, ਦਰਗਹਿ ਸਾਚੀ ਧਾਮ ਵਡਿਆਇੰਦਾ। ਆਪਣਾ ਪੜਦਾ ਦਏ ਖੁਲ੍ਹਾ, ਭੇਵ ਅਭੇਦ ਜਣਾਇੰਦਾ। ਸ਼ਬਦੀ ਸੁਤ ਮੇਲਾ ਮੇਲ ਮਿਲਾ, ਮਿਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਸਾਚੇ ਮਾਰਗ ਦੇਵੇ ਪਾ, ਧੰਦਾ ਹਰਿ ਜੂ ਇਕ ਰਖਾਇੰਦਾ। ਨਿਰਗੁਣ ਛੰਦਾ ਦਏ ਸੁਣਾ, ਅੱਖਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਦਇਆ ਕਮਾਇੰਦਾ। ਸਤਿਗੁਰ ਸੱਚਾ ਦੀਨ ਦਿਆਲ, ਆਦਿ ਪੁਰਖ ਵਡੀ ਵਡਿਆਈਆ। ਸਚਖੰਡ ਵਸੇ ਸੱਚੀ ਧਰਮਸਾਲ, ਘਰ ਮੰਦਰ ਸੋਭਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸੁਰਤੀ ਸ਼ਬਦ ਵੇਖੇ ਲਾਲ, ਲਾਲਨ ਆਪਣੀ ਗੋਦ ਸੁਹਾਈਆ। ਥਿਰ ਘਰ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਆਪ ਸਮਝਾਈਆ। ਆਪਣਾ ਗੁਣ ਸ੍ਰੀ ਭਗਵੰਤ, ਸ਼ਬਦੀ ਸ਼ਬਦ ਜਣਾਇੰਦਾ । ਨਿਰਮਲ ਜੋਤ ਮਹਿਮਾ ਅਗਣਤ, ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਤੇਰੀ ਧਾਰ ਚਲਾਇੰਦਾ। ਆਪ ਬਣਾਈ ਤੇਰੀ ਬਣਤ, ਘੜ ਘੜ ਆਪੇ ਵੇਖ ਵਖਾਇੰਦਾ। ਆਪੇ ਨਾਉਂ ਆਪੇ ਮੰਤ, ਨਾਮ ਨਾਮਾ ਆਪ ਦ੍ਰਿੜਾਇੰਦਾ। ਆਪੇ ਹੋਏ ਸੋਭਾਵੰਤ, ਸਚ ਭੂਮਕਾ ਥਾਨ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਪੜਦਾ ਲਾਹਿੰਦਾ। ਸਤਿਗੁਰ ਆਪਣਾ ਪੜਦਾ ਲਾਹ, ਨਿਰਗੁਣ ਨਿਰਗੁਣ ਖੇਲ ਕਰਾਈਆ। ਸ਼ਬਦ ਦੁਲਾਰਾ ਏਕਾ ਜਾ, ਜਨ ਜਨਨੀ ਬਣੇ ਪਿਤਾ ਮਾਈਆ। ਸਿਫ਼ਤੀ ਸਿਫ਼ਤ ਦੇਵੇ ਸਿਫ਼ਤ ਸਲਾਹ, ਆਪਣੀ ਸਿਫ਼ਤ ਆਪ ਜਣਾਈਆ। ਨਿਰਗੁਣ ਨਿਰਗੁਣ ਮਾਰਗ ਦੇਣਾ ਲਾ, ਏਕਾ ਮਾਰਗ ਰਿਹਾ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਰਚਨ ਰਚਾ, ਕੋਟਨ ਕੋਟ ਬ੍ਰਹਿਮੰਡ ਖੰਡ ਲੋਆਂ ਪੁਰੀਆਂ ਆਪਣਾ ਬੰਧਨ ਪਾਈਆ। ਤ੍ਰੈਗੁਣ ਮਾਇਆ ਝੋਲੀ ਪਾ, ਪੰਜ ਤੱਤ ਨਾਤਾ ਜੋੜ ਜੁੜਾਈਆ। ਪ੍ਰਿਥਮੀ ਅਕਾਸ਼ ਖੇਲ ਕਰਾ, ਜਲ ਥਲ ਮਹੀਅਲ ਰੂਪ ਵਟਾਈਆ। ਰਵ ਸਸ ਨੂਰ ਚਮਕਾ, ਦੋ ਜਹਾਨਾਂ ਵੇਸ ਵਟਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਵਖਾਈਆ। ਲੱਖ ਚੁਰਾਸੀ ਘਾੜਤ ਲੈਣਾ ਘੜਾ, ਘੜ ਭਾਂਡੇ ਵੇਖੇ ਥਾਉਂ ਥਾਂ, ਜੇਰਜ ਅੰਡ ਵੰਡ ਵੰਡਾ, ਉਤਭੁੁਜ ਸੇਤਜ ਬੰਧਨ ਪਾ, ਆਪਣਾ ਨਾਉਂ ਆਪੇ ਗਾ, ਬ੍ਰਹਮਾ ਵੇਤਾ ਲਏ ਪੜ੍ਹਾ, ਚਾਰੇ ਵੇਦ ਸਮਝਾਈਆ। ਚਾਰੇ ਬਾਣੀ ਰਾਗ ਅੱਲਾ, ਕਰੇ ਖੇਲ ਬੇਪਰਵਾਹ, ਨਿਰਗੁਣ ਸਰਗੁਣ ਦਏ ਸਮਝਾ, ਤੱਤਵ ਤੱਤ ਤੱਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸੱਚਾ ਮਾਹੀਆ। ਸਤਿਗੁਰ ਸੱਚਾ ਏਕਾ ਏਕ, ਇਕ ਇਕੱਲਾ ਖੇਲ ਕਰਾਇੰਦਾ। ਵਸਣਹਾਰਾ ਸਾਚੇ ਦੇਸ, ਦੇਸ ਦਸੰਤਰ ਸੋਭਾ ਪਾਇੰਦਾ। ਨਿਰਗੁਣ ਸਰਗੁਣ ਕਰ ਕਰ ਵੇਸ, ਲੱਖ ਚੁਰਾਸੀ ਘਾੜਤ ਆਪ ਘੜਾਇੰਦਾ। ਘਟ ਘਟ ਅੰਦਰ ਹੋ ਪਰਵੇਸ਼, ਜੋਤ ਨਿਰੰਜਣ ਵੰਡ ਵੰਡਾਇੰਦਾ। ਨੌਂ ਦੁਆਰੇ ਨੌਂ ਖੰਡ ਰੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਬੰਕ ਬੰਕ ਵਡਿਆਇੰਦਾ। ਕਾਇਆ ਬੰਕ ਘਾੜਨ ਘੜ, ਸਤਿਗੁਰ ਆਪਣੀ ਖੇਲ ਖਿਲਾਇੰਦਾ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਫੜ, ਆਪਣਾ ਮੇਲਾ ਆਪ ਮਿਲਾਇੰਦਾ । ਰਕਤ ਬੂੰਦ ਦੇਵੇ ਵਰ, ਹੱਡ ਮਾਸ ਨਾੜੀ ਰੱਤ ਜੋੜ ਜੁੜਾਇੰਦਾ। ਨੌਂ ਦੁਆਰੇ ਖੋਲ੍ਹ ਕਿਵਾੜ, ਜਗਤ ਵਾਸਨਾ ਵਿਚ ਭਰਾਇੰਦਾ। ਆਸਾ ਤ੍ਰਿਸਨਾ ਹਉਮੇ ਹੰਗਤਾ ਕਾਮ ਕਰੋਧ ਲੋਭ ਮੋਹ ਹੰਕਾਰ ਬਹਾਏ ਘਰ ਘਰ, ਸਾਚੀ ਖੇਲ ਖਿਲਾਇੰਦਾ। ਸਰਗੁਣ ਉਪਰ ਨਿਰਗੁਣ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਮਨ ਮਤ ਬੁਧ ਬੰਧਾਏ ਲੜ, ਪੱਲੂ ਏਕਾ ਏਕ ਫੜਾਇੰਦਾ। ਘਰ ਵਿਚ ਕਰੇ ਤਿਆਰ ਘਰ, ਘਰ ਘਰ ਵਿਚ ਸੋਭਾ ਪਾਇੰਦਾ। ਸੁਖਮਨ ਟੇਢੀ ਬੰਕ ਅਧਵਿਚਕਾਰੇ ਰੱਖੇ ਘੜ, ਈੜਾ ਪਿੰਗਲ ਪਹਿਰੇਦਾਰ ਬਣਾਇੰਦਾ। ਨਿਰਗੁਣ ਦੀਆ ਬਾਤੀ ਕਮਲਾਪਾਤੀ ਜੋਤ ਨਿਰੰਜਣ ਅੰਦਰ ਧਰ, ਬਜਰ ਕਪਾਟੀ ਕੁੰਡਾ ਲਾਇੰਦਾ। ਅਨਹਦ ਸ਼ਬਦ ਅਨਾਦੀ ਧੁਨ, ਰਾਗ ਰਾਗਨੀ ਹਰਿ ਜੂ ਏਕਾ ਏਕ ਅਲਾਇੰਦਾ। ਆਤਮ ਪਰਮਾਤਮ ਖੇਲ ਕਰ, ਸਰਗੁਣ ਅੰਦਰ ਨਿਰਗੁਣ ਵੜ, ਸਾਚੀ ਸੇਜਾ ਸੋਭਾ ਪਾਇੰਦਾ। ਬ੍ਰਹਮ ਪਾਰਬ੍ਰਹਮ ਵੇਖੇ ਖੜ, ਵੇਖਣਹਾਰਾ ਦਿਸ ਨਾ ਆਇੰਦਾ। ਈਸ਼ ਜੀਵ ਚੇਤਨ ਜੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਕਾਇਆ ਸਤਿਗੁਰ ਪੂਰਾ ਆਪਣਾ ਵੇਸ ਵਟਾਇੰਦਾ। ਪੰਜ ਤੱਤ ਕਾਇਆ ਖੇਲ ਅਸਥੂਲ, ਹਰਿ ਕਰਤਾ ਆਪ ਖਿਲਾਈਆ। ਸੂਖਮ ਰੂਪ ਨਾ ਜਾਏ ਭੂਲ, ਅਭੁਲ ਬੇਪਰਵਾਹੀਆ। ਕਾਰਨ ਜਾਣੇ ਆਪਣਾ ਅਸੂਲ, ਤ੍ਰੈਗੁਣ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਨ ਘੜ, ਘਟ ਘਟ ਵਸੇ ਸੱਚਾ ਮਾਹੀਆ। ਲੱਖ ਚੁਰਾਸੀ ਘਾੜਨ ਘੜਿਆ, ਘੜ ਘੜ ਹਰਿ ਜੀ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵੇਸ ਕਰਿਆ, ਕਰ ਕਰ ਵੇਸ ਅਨੇਕ ਵਟਾਇੰਦਾ। ਪੰਜ ਤੱਤ ਚੋਲਾ ਆਪੇ ਫੜਿਆ, ਤ੍ਰੈਗੁਣ ਬੰਧਨ ਪਾਇੰਦਾ। ਨਿਰਭੌ ਭੈ ਲੱਖ ਚੁਰਾਸੀ ਵਖਾਏ ਡਰਿਆ, ਡਰ ਏਕਾ ਏਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਕਾਇਆ ਘਾੜਨ ਘੜ, ਮਨ ਮਤ ਬੁਧ ਡੇਰਾ ਲਾਇੰਦਾ। ਮਨ ਮਤ ਬੁਧ ਰੱਖ ਆਪਣੀ ਧਾਰ, ਧਾਰ ਧਾਰ ਵਿਚ ਪਰਗਟਾਈਆ। ਦਿਸ ਨਾ ਆਏ ਵਿਚ ਸੰਸਾਰ, ਨੇਤਰ ਨੈਣ ਨਾ ਕੋਇ ਵਖਾਈਆ। ਮਨੂਆਂ ਮਨ ਫਿਰੇ ਸਿਕਦਾਰ, ਨੌਂ ਦੁਆਰੇ ਫਿਰੇ ਚਾਈਂ ਚਾਈਂਆ। ਮਤ ਮਤਵਾਲੀ ਦੇ ਸਹਾਰ, ਜਗਤ ਬੁਧੀ ਬੂਝ ਬੁਝਾਈਆ। ਕਰੇ ਖੇਲ ਆਪ ਕਰਤਾਰ, ਭੇਵ ਨਾ ਕਿਸੇ ਜਣਾਈਆ। ਆਪਣੀ ਇਛਿਆ ਹੋ ਤਿਆਰ, ਸਾਚੀ ਭਿਛਿਆ ਦਏ ਵਰਤਾਈਆ। ਨਾਮ ਨਿਧਾਨਾ ਗੁਣ ਵਿਚਾਰ, ਘਟ ਘਟ ਅੰਦਰ ਆਪ ਟਿਕਾਈਆ। ਤ੍ਰੈਗੁਣ ਮਾਇਆ ਪੜਦਾ ਦੇਵੇ ਡਾਰ, ਨਾ ਸਕੇ ਕੋਇ ਉਠਾਈਆ। ਕਾਇਆ ਕਵਰੀ ਡੂੰਘੀ ਭਵਰੀ ਕਰੇ ਖੇਲ ਅਪਾਰ, ਗਹਿਰ ਗਵਰੀ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪਣੇ ਹੱਥ ਰਖਾਈਆ। ਆਪਣੀ ਵਸਤ ਨਾਮ ਨਿਧਾਨ, ਹਰਿ ਆਪਣੇ ਹੱਥ ਰਖਾਇੰਦਾ। ਕਾਇਆ ਮੰਦਰ ਵੇਖ ਮਕਾਨ, ਘਰ ਸਾਚੇ ਆਪ ਟਿਕਾਇੰਦਾ। ਆਪੇ ਹੋਏ ਨਿਗਹਬਾਨ, ਸਦਾ ਸੁਹੇਲਾ ਦਇਆ ਕਮਾਇੰਦਾ । ਇਕ ਇਕੱਲਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਸਚ ਸੰਦੇਸਾ ਦੇਵੇ ਆਣ, ਧੁਰ ਫ਼ਰਮਾਣਾ ਛੰਦ ਜਣਾਇੰਦਾ। ਸ਼ਬਦ ਜਣਾਈ ਸ੍ਰੀ ਭਗਵਾਨ, ਗੁਰ ਗੁਰ ਵੇਖ ਵਖਾਇੰਦਾ। ਗੁਰ ਗੁਰ ਰੂਪ ਆਪ ਮਿਹਰਵਾਨ, ਨਿਰਗੁਣ ਨਿਰਗੁਣ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਆਪਣਾ ਖੇਲ ਰੱਖੇ ਹੱਥ, ਭੇਵ ਕੋਇ ਨਾ ਪਾਇੰਦਾ। ਆਦਿ ਪੁਰਖ ਹੋ ਪਰਤੱਖ, ਪਰਤੱਖ ਰੂਪ ਵਟਾਇੰਦਾ। ਸ਼ਬਦੀ ਗੁਰ ਮਾਰਗ ਦੱਸ, ਲੱਖ ਚੁਰਾਸੀ ਆਪ ਪੜ੍ਹਾਇੰਦਾ। ਘਟ ਘਟ ਅੰਦਰ ਆਪੇ ਵਸ, ਆਪਣਾ ਬੰਧਨ ਪਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨੂਰ ਕਰੇ ਪਰਕਾਸ਼, ਅੰਧ ਅੰਧੇਰ ਗਵਾਇੰਦਾ। ਵੇਖਣਹਾਰਾ ਖੇਲ ਤਮਾਸ਼, ਲੱਖ ਚੁਰਾਸੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰੇ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਪਾਰਬ੍ਰਹਮ ਬ੍ਰਹਮ ਦੇ ਨਿਸ਼ਾਨਾ, ਲੋਕਮਾਤ ਵੇਖ ਵਖਾਈਆ। ਆਤਮ ਪਰਮਾਤਮ ਕਰ ਪਰਵਾਨਾ, ਸਚ ਪਰਵਾਨਾ ਇਕ ਫੜਾਈਆ। ਨਿਰਗੁਣ ਨਿਰਗੁਣ ਬੰਨ੍ਹੇ ਗਾਨਾ, ਸਰਗੁਣ ਸਗਨ ਮਨਾਈਆ। ਵੰਡੇ ਵੰਡ ਦੋ ਜਹਾਨਾਂ, ਵੰਡਣਹਾਰਾ ਸੱਚਾ ਮਾਹੀਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਕਰੇ ਮਹਾਨਾ, ਖ਼ਾਲਕ ਖ਼ਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸੱਚਾ ਹਰਿ, ਸਤਿਗੁਰ ਸੱਚਾ ਇਕ ਸਲਾਹੀਆ। ਸਤਿਗੁਰ ਸੱਚਾ ਆਦਿ ਜੁਗਾਦਿ, ਹਰਿ ਹਰਿ ਆਪ ਅਖਵਾਇੰਦਾ। ਗੁਰ ਗੁਰ ਦੇਵੇ ਸਾਚੀ ਦਾਦ, ਗੁਰ ਸ਼ਬਦ ਰੂਪ ਪਰਗਟਾਇੰਦਾ। ਵੇਖਣਹਾਰਾ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੇਲ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਅੰਦਰ ਵਜਾਏ ਨਾਦ, ਧੁਨ ਅਨਾਦੀ ਇਕ ਅਲਾਇੰਦਾ। ਭੇਵ ਅਭੇਦਾ ਅਛਲ ਅਛੇਦਾ ਆਪੇ ਦੱਸੇ ਬੋਧ ਅਗਾਧ, ਅੱਖਰ ਵੱਖਰ ਆਪ ਪੜ੍ਹਾਇੰਦਾ। ਭਗਤ ਭਗਵੰਤ ਆਪੇ ਲਾਧ, ਨਿਰਗੁਣ ਸਰਗੁਣ ਸੰਤ ਸੁਹੇਲੇ ਮੇਲ ਮਿਲਾਇੰਦਾ। ਗੁਰ ਗੁਰ ਦੇਵੇ ਆਪਣੀ ਦਾਦ, ਗੁਰਮੁਖ ਝੋਲੀ ਪਾਇੰਦਾ। ਗੁਰਸਿਖ ਰੱਖਣਹਾਰਾ ਲਾਜ, ਸਿਰ ਆਪਣਾ ਹੱਥ ਟਿਕਾਇੰਦਾ। ਦੋ ਜਹਾਨਾਂ ਸ੍ਰੀ ਭਗਵਾਨਾ ਸ਼ਬਦ ਅਗੰਮੀ ਮਾਰੇ ਅਵਾਜ਼, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਸਤਿਗੁਰ ਸੱਜਣ ਰਚ ਰਚ ਕਾਜ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਦਇਆ ਕਮਾਇੰਦਾ। ਸਤਿਗੁਰ ਸੱਚਾ ਸਰਬ ਗੁਣਵੰਤ, ਏਕਾ ਏਕ ਅਖਵਾਈਆ। ਗੁਰ ਗੁਰ ਮੇਲਾ ਜੁਗਾ ਜੁਗੰਤ, ਜੁਗ ਕਰਤਾ ਵੇਸ ਵਟਾਈਆ। ਸਤਿ ਪੁਰਖ ਨਿਰੰਜਣ ਬਣਾਏ ਬਣਤ, ਸਤਿ ਸਤਿਵਾਦੀ ਸੱਚਾ ਸ਼ਹਿਨਸ਼ਾਹੀਆ। ਲੇਖਾ ਜਾਣੇ ਗੁਰਮੁਖ ਸੰਤ, ਭਗਤ ਭਗਵੰਤ ਭੇਵ ਚੁਕਾਈਆ। ਗੁਰ ਅਵਤਾਰ ਗਾਇਣ ਬੇਅੰਤ, ਹਰਿ ਕਾ ਭੇਵ ਕੋਇ ਨਾ ਪਾਈਆ। ਗੁਰਮੁਖ ਮੇਲਾ ਨਾਰੀ ਕੰਤ, ਸੁਰਤੀ ਸ਼ਬਦ ਕਰੇ ਕੁੜਮਾਈਆ। ਗੜ੍ਹ ਤੋੜੇ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਈਆ। ਨਾਤਾ ਤੋੜੇ ਭੁੱਖ ਨੰਗਤ, ਨਾਮ ਨਿਧਾਨਾ ਝੋਲੀ ਪਾਈਆ। ਮਾਨਸ ਜਨਮ ਨਾ ਹੋਏ ਭੰਗਤ, ਲੱਖ ਚੁਰਾਸੀ ਲਏ ਕਟਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਨਿਰਗੁਣ ਸਰਗੁਣ ਲਾਏ ਅੰਗਤ, ਅੰਗੀਕਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸਤਿਗੁਰ ਮੀਤ, ਗੁਰ ਗੁਰ ਦਇਆ ਕਮਾਇੰਦਾ। ਗੁਰ ਗੁਰ ਚਲਾਏ ਆਪਣੀ ਰੀਤ, ਜੁਗ ਜੁਗ ਨਾਉਂ ਪਰਗਟਾਇੰਦਾ। ਵਸਣਹਾਰਾ ਘਰ ਠਾਂਡੇ ਸੀਤ, ਘਰ ਸਾਚੇ ਸੋਭਾ ਪਾਇੰਦਾ। ਆਦਿ ਜੁਗਾਦੀ ਇਕ ਅਤੀਤ, ਤ੍ਰੈਗੁਣ ਆਪਣਾ ਖੇਲ ਖਿਲਾਇੰਦਾ। ਬਨਾਵਣਹਾਰਾ ਮੰਦਰ ਮਸਜਦ ਮੱਠ ਸ਼ਿਵਦਵਾਲੇ ਮਸੀਤ, ਅੰਤਮ ਆਪੇ ਹਰਿ ਹਰਿ ਢਾਹਿੰਦਾ। ਲੱਖ ਚੁਰਾਸੀ ਪਰਖਣਹਾਰਾ ਕੌੜੇ ਰੀਠ, ਘਰ ਘਰ ਬੈਠਾ ਵੇਖ ਵਖਾਇੰਦਾ। ਆਦਿ ਜੁਗਾਦੀ ਪੱਤਤ ਪੁਨੀਤ, ਪੱਤਤ ਪਾਵਣ ਲੇਖਾ ਜਾਣੇ ਬਲ ਬਾਵਨ, ਤੋੜਣਹਾਰਾ ਗੜ ਹੰਕਾਰੀ ਰਾਵਣ, ਰਾਮ ਰਮਈਆ ਆਪਣਾ ਖੇਲ ਕਰਾਇੰਦਾ। ਰਾਧਾ ਕ੍ਰਿਸ਼ਨਾ ਏਕਾ ਦਾਮਨ, ਸੁਰਤੀ ਸ਼ਬਦੀ ਹੋਏ ਜ਼ਾਮਨ, ਦੋ ਜਹਾਨਾਂ ਪੱਲੂ ਆਪਣੀ ਗੰਢ ਪੁਵਾਇੰਦਾ। ਨੂਰ ਇਲਾਹੀ ਇਕ ਕਲਾਮਣ, ਦੇਵਣਹਾਰ ਸ੍ਰੀ ਭਗਵਾਨਨ , ਮੁਕਾਮੇ ਹੱਕ ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਜਪਾਵਣਹਾਰਾ ਸਤਿ ਨਾਮਨ, ਦੇਵਣਹਾਰਾ ਬ੍ਰਹਮ ਗਿਆਨਨ, ਦੱਸਣਹਾਰਾ ਧਰਮ ਨਿਸ਼ਾਨਨ, ਸਚ ਨਿਸ਼ਾਨਾ ਇਕ ਜਣਾਇੰਦਾ। ਲੇਖਾ ਜਾਣੇ ਦੋ ਜਹਾਨਨ, ਲੋਆਂ ਪੁਰੀਆਂ ਬ੍ਰਹਿਮੰਡਾਂ ਦੇਵੇ ਚਾਨਣ, ਜੋਤੀ ਜਾਤਾ ਆਪ ਅਖਵਾਇੰਦਾ। ਏਕਾ ਸਤਿਗੁਰ ਵਡ ਬਲਵਾਨਨ, ਗੁਰ ਗੁਰ ਦੇਵੇ ਜੁਗ ਜੁਗ ਦਾਨਨ, ਦਾਤਾ ਦਾਨੀ ਆਪਣੀ ਵਸਤ ਆਪ ਵਰਤਾਇੰਦਾ। ਖਾਣੀ ਬਾਣੀ ਅੰਜੀਲ ਕੁਰਾਨੀ ਵੇਦ ਪੁਰਾਨੀ ਰਸਨਾ ਗਾ ਗਾ ਸਰਬ ਵਖਾਨਣ, ਖਾਣੀ ਬਾਣੀ ਨਾਲ ਮਿਲਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਭਗਤਾਂ ਸੰਤਾਂ ਦੇਵੇ ਆਪਣੀ ਸਚ ਨਿਸ਼ਾਨੀ, ਆਪਣਾ ਅੰਤ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਖੇਲ ਬ੍ਰਹਿਮਾਦ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਲਗਾਇੰਦਾ। ਪੀਰ ਪੈਗ਼ੰਬਰ ਸੇਵਾਦਾਰ, ਹਰਿ ਸੇਵਕ ਇਕ ਸਮਝਾਈਆ। ਸਚ ਸੰਦੇਸਾ ਕਰੇ ਖ਼ਬਰਦਾਰ, ਬੇਖ਼ਬਰ ਆਪ ਸੁਣਾਈਆ। ਬੇਸਬਰ ਹੋਏ ਪਰਵਰਦਿਗਾਰ, ਸਬਰ ਵਿਚ ਕਦੇ ਨਾ ਆਈਆ। ਲੱਖ ਚੁਰਾਸੀ ਘੜੇ ਭੰਨੇ ਬਣ ਠਠਿਆਰ, ਜੁਗ ਜੁਗ ਆਪਣਾ ਵੇਸ ਵਟਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਦਰ ਬੈਠੇ ਸੀਸ ਝੁਕਾਈਆ। ਕੋਟਨ ਕੋਟ ਰਵ ਸਸ ਪਾਂਧੀ ਬਣ ਬਣ ਗਏ ਹਾਰ, ਆਪਣਾ ਪੰਧ ਨਾ ਕੋਇ ਮੁਕਾਈਆ। ਕੋਟਨ ਕੋਟ ਬੋਲ ਜੈ ਜੈਕਾਰ, ਲੋਕਮਾਤ ਡੰਕਾ ਗਏ ਵਜਾਈਆ। ਕੋਟਨ ਕੋਟ ਪੰਜ ਤੱਤ ਕਾਇਆ ਕਰ ਅਕਾਰ, ਅੰਤਮ ਖ਼ਾਕੀ ਖ਼ਾਕ ਸਮਾਈਆ। ਕੋਟਨ ਕੋਟ ਬਣ ਬਣ ਲਿਖਾਰ, ਲਿਖ ਲਿਖ ਲੇਖਾ ਜਗਤ ਲੋਕਾਈਆ। ਹਰਿ ਕਾ ਅੰਤ ਨਾ ਪਾਰਾਵਾਰ, ਬੇਅੰਤ ਕਹੇ ਲੋਕਾਈਆ। ਜੁਗ ਚੌਕੜੀ ਵੇਖੇ ਵਾਰੋ ਵਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਲੇਖਾ ਦਏ ਉਤਾਰ, ਕਰਜ਼ਾ ਕੋਇ ਰਹਿਣ ਨਾ ਪਾਈਆ। ਪਰਗਟ ਹੋਏ ਆਪ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਰੂਪ ਰੰਗ ਨਾ ਵੇਖੇ ਕੋਈ ਵਿਚ ਸੰਸਾਰ, ਨੇਤਰ ਨੈਣ ਨਜ਼ਰ ਨਾ ਆਈਆ। ਚਾਰੋਂ ਕੁੰਟ ਧੂੰਆਂਧਾਰ, ਅੰਧ ਅੰਧੇਰ ਨਾ ਕੋਇ ਮਿਟਾਈਆ। ਨੌਂ ਖੰਡ ਪ੍ਰਿਥਮੀ ਕੋਟਨ ਕੋਟ ਸਾਧ ਸੰਤ ਜੰਗਲ ਜੂਹ ਫਿਰਨ ਉਜਾੜ ਪਹਾੜ, ਤੀਰਥ ਤੱਟਾਂ ਫੇਰਾ ਪਾਈਆ। ਅੰਦਰ ਵੜ ਵੜ ਗਾਇਨ ਤੇਰੀ ਵਾਰ, ਤੇਰਾ ਭੇਵ ਕਿਸੇ ਨਾ ਆਈਆ। ਸੁੰਨ ਸਮਾਧੀ ਨਾ ਪਾਏ ਕੋਇ ਸਾਰ, ਅੱਖੀਂ ਮੀਟ ਮੀਟ ਧਿਆਨ ਲਗਾਈਆ। ਪੰਜ ਨਾਦ ਨਾ ਵੱਜੇ ਧੁੰਨਕਾਰ, ਧੁੰਨ ਆਤਮਕ ਨਾ ਕੋਇ ਸੁਣਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰਿਆ ਖੇਲ ਆਪ ਅਪਾਰ, ਸਭ ਦਾ ਲੇਖਾ ਦਏ ਮੁਕਾਈਆ। ਸੱਤਾਂ ਦੀਪਾਂ ਕਾਇਆ ਮੰਦਰ ਅੰਦਰ ਧੂੰਆਂਧਾਰ, ਨਿਰਮਲ ਨੂਰ ਨਾ ਕੋਇ ਰੁਸ਼ਨਾਈਆ। ਫੜ ਫੜ ਸੁੱਟੇ ਡੂੰਘੀ ਗਾਰ, ਬਾਹਰ ਸਕੇ ਨਾ ਕੋਇ ਕਢਾਈਆ। ਕਲਜੁਗ ਕੂੜਾ ਕੂਕ ਕਰੇ ਪੁਕਾਰ, ਉਚੀ ਕੂਕ ਰਿਹਾ ਸੁਣਾਈਆ। ਕਲਜੁਗ ਜੀਵਾਂ ਆਈ ਹਾਰ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਈਆ। ਰਸਨਾ ਜਿਹਵਾ ਝੂਠ ਵਿਕਾਰ, ਰਸ ਨਾਮ ਨਾ ਕੋਇ ਚਖਾਈਆ। ਗੜ੍ਹ ਹੰਕਾਰਾ ਕਾਮ ਕਰੋਧ ਲੋਭ ਮੋਹ ਬਲਵਾਨ, ਬਲ ਆਪਣਾ ਆਪ ਜਣਾਈਆ। ਮਗਰ ਲੱਗਾ ਪੰਜ ਸ਼ੈਤਾਨ, ਸ਼ਰਅ ਸ਼ਰੀਅਤ ਰਹੀ ਕੁਰਲਾਈਆ। ਮੁੱਲਾਂ ਸ਼ੇਖ ਮੁਸਾਇਕ ਨਾ ਦਿਸੇ ਕੋਈ ਈਮਾਨ, ਸੂਰਤ ਸਤਿ ਨਾ ਕੋਇ ਸਮਝਾਈਆ। ਪੰਡਤ ਪਾਂਧੇ ਥੱਕੇ ਮਾਂਦੇ ਹੋਏ ਬੇਈਮਾਨ, ਸਾਚੇ ਤੀਰਥ ਤਟ ਨਾ ਕੋਇ ਨੁਹਾਈਆ। ਗ੍ਰੰਥੀ ਪੰਥੀ ਕਿਸੇ ਨਾ ਮਿਲਿਆ ਸਚ ਨਿਸ਼ਾਨ, ਪੁਰਖ ਅਕਾਲ ਨਾ ਵੇਖ ਵਖਾਈਆ। ਕਲਜੁਗ ਅੰਤਮ ਜੋਧਾ ਸੂਰਬੀਰ ਬਲੀ ਬਲਵਾਨ, ਸਤਿਗੁਰ ਪੂਰਾ ਏਕਾ ਏਕ ਆਪਣਾ ਵੇਸ ਵਟਾਈਆ। ਜਨ ਭਗਤਾਂ ਦੇਵੇ ਸਤਿ ਸਰੂਰਾ, ਅੰਮ੍ਰਿਤ ਮੇਘ ਇਕ ਬਰਸਾਈਆ। ਆਤਮ ਅੰਤਰ ਨੂਰੀ ਨੂਰਾ, ਨੂਰ ਨੁਰਾਨਾ ਕਰੇ ਰੁਸ਼ਨਾਈਆ। ਨਾਤਾ ਤੋੜੇ ਕੂੜੋ ਕੂੜਾ, ਕੂੜੀ ਕਿਰਿਆ ਦਏ ਮਿਟਾਈਆ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹਾ, ਉਤਰ ਕਦੇ ਨਾ ਜਾਈਆ। ਦਿਵਸ ਰੈਣ ਆਤਮ ਪਰਮਾਤਮ ਹਾਜ਼ਰ ਹਜ਼ੂਰਾ, ਹਰਿ ਜੂ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਗੁਰ ਪੂਰਾ ਫੇਰਾ ਪਾਈਆ। ਸਤਿਗੁਰ ਪੂਰਾ ਪਾਏ ਫੇਰੀ, ਏਕੰਕਾਰ ਆਪਣੀ ਦਇਆ ਕਮਾਇੰਦਾ। ਕਲਜੁਗ ਮਿਟੇ ਰੈਣ ਅੰਧੇਰੀ, ਅਮਾਵਸ ਰੂਪ ਨਾ ਕੋਇ ਵਟਾਇੰਦਾ। ਲੱਖ ਚੁਰਾਸੀ ਮਨਮੁਖਤਾਂ ਕਰੇ ਖ਼ਾਕ ਢੇਰੀ, ਖ਼ਾਕੀ ਖ਼ਾਕ ਖ਼ਾਕ ਮਿਲਾਇੰਦਾ। ਦੋ ਜਹਾਨਾਂ ਕਰੇ ਖੇਲ ਸ੍ਰੀ ਭਗਵਾਨਾ ਆਪੇ ਜਾਣੇ ਆਪਣੀ ਹੇਰੀ ਫੇਰੀ, ਅਛਲ ਅਛੱਲ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕੋ ਹਰਿ, ਜੁਗ ਜੁਗ ਆਪਣਾ ਨਾਉਂ ਪਰਗਟਾਇੰਦਾ। ਜੁਗ ਜੁਗ ਨਾਉਂ ਹਰਿ ਨਿਰੰਕਾਰਾ, ਆਪਣਾ ਆਪ ਪਰਗਟਾਈਆ। ਕਲਜੁਗ ਅੰਤਮ ਹੋ ਉਜਿਆਰਾ, ਭੇਵ ਅਭੇਦ ਖੁਲ੍ਹਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰਾ, ਆਪਣਾ ਪੜਦਾ ਰਿਹਾ ਉਠਾਈਆ। ਹੰ ਬ੍ਰਹਮ ਕਰ ਪਿਆਰਾ, ਆਪਣਾ ਮੇਲ ਮਿਲਾਈਆ। ਸੋਹੰ ਸ਼ਬਦ ਸਚ ਜੈਕਾਰਾ, ਸੁਰਤੀ ਸ਼ਬਦੀ ਬੰਧਨ ਪਾਈਆ । ਸਤਿਨਾਮ ਨਾਮ ਵਣਜਾਰਾ, ਘਰ ਏਕਾ ਹੱਟ ਵਖਾਈਆ। ਗੁਰਮੁਖਾਂ ਦੇਵੇ ਆਪ ਅਧਾਰਾ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਗੁਰ ਵੱਡਾ ਵਡ ਵਡਿਆਈਆ। ਸਤਿਗੁਰ ਵੱਡਾ ਸਤਿ ਪੁਰਖ, ਪੁਰਖ ਅਬਿਨਾਸ਼ੀ ਖੇਲ ਕਰਾਇੰਦਾ। ਜਨ ਭਗਤਾਂ ਦੇਵੇ ਅੰਤਰ ਦਰਸ, ਬੰਦ ਤਾਕੀ ਆਪੇ ਲਾਹਿੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਦਸਮ ਦੁਆਰੀ ਸੋਭਾ ਪਾਇੰਦਾ। ਜਨਮ ਜਨਮ ਦੀ ਮੇਟੇ ਹਰਸ, ਆਪ ਆਪਣਾ ਤਰਸ ਕਮਾਇੰਦਾ। ਜਨ ਭਗਤਾਂ ਮਿਲਣ ਦੀ ਰੱਖੇ ਗ਼ਰਜ਼, ਗ਼ਰਜ਼ ਆਪਣੀ ਆਪ ਵਧਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪੂਰਾ ਕਰਦਾ ਆਇਆ ਫਰਜ਼, ਕਲਜੁਗ ਅੰਤਮ ਸੇਵ ਕਮਾਇੰਦਾ। ਚਾਰ ਵਰਨ ਚਾਰ ਜੁਗ ਚਾਰ ਵੇਦ ਚਾਰ ਕੁੰਟ ਚਾਰ ਖਾਣੀ ਚਾਰ ਬਾਣੀ ਦੇਵੇ ਵਰਜ਼, ਧੁਰ ਫ਼ਰਮਾਨਾ ਇਕ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਪੁਰਖ ਅਬਿਨਾਸ਼ੀ ਅੱਗੇ ਕਰ ਕਰ ਗਏ ਅਰਜ਼, ਓਟ ਏਕ ਸਰਬ ਤਕਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਤੁਧ ਬਿਨ ਨੌਂ ਖੰਡ ਪ੍ਰਿਥਮੀ ਸਾਚਾ ਰਾਗ ਸੁਣਾਏ ਨਾ ਕੋਈ ਏਕ ਤਰਜ਼, ਤਾਲ ਤਲਵਾੜਾ ਜਗਤ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇਵਣਹਾਰਾ ਜੀਆਂ ਦਾਨ, ਲੱਖ ਚੁਰਾਸੀ ਕਰ ਪਰਵਾਨ, ਚਾਰ ਵਰਨਾਂ ਦੇਵੇ ਇਕ ਗਿਆਨ, ਸੁਰਤੀ ਸ਼ਬਦ ਖੇਲ ਮਹਾਨ, ਮੰਦਰ ਅੰਦਰ ਕਾਇਆ ਮਕਾਨ, ਘਟ ਘਟ ਵਾਸਾ ਪੁਰਖ ਅਬਿਨਾਸ਼ਾ, ਖੇਲ ਤਮਾਸ਼ਾ ਮੰਡਲ ਰਾਸਾ, ਜੋਤੀ ਜਾਤਾ ਪੁਰਖ ਬਿਧਾਤਾ, ਮੇਟਣਹਾਰ ਅੰਧੇਰੀ ਰਾਤਾ, ਏਕਾ ਨਾਮ ਸੁਣਾਏ ਗਾਥਾ, ਲਹਿਣਾ ਦੇਣ ਚੁਕਾਏ ਮਸਤਕ ਮਾਥਾ, ਚਾਰ ਵਰਨ ਚੜ੍ਹਾਏ ਏਕਾ ਰਾਥਾ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸਤਿਗੁਰ ਏਕਾ ਨਜ਼ਰੀ ਆਇੰਦਾ।
