ਪਾਤਸ਼ਾਹ ਦੇ ਘੋੜਾ ਤੇਬੌਲਦ ਚੋਰੀ ਹੋਣੇ
ਇਕ ਸਮੇਂ ਦਾ ਬਚਨ ਹੈ, ਤੇਜਾ ਸਿੰਘ ਸਿਖ ਹਾੜ ਦੇ ਮਹੀਨੇ ਵਿਚ ਬਾਰ ਵਿਚ ਚਲਾ ਗਿਆ ਹੈ । ਅਗਲਾ ਮਹੀਨਾ ਸਾਵਣ
ਬਾਰਸ਼ ਦਾ ਹੈ । ਚੇਤ ਸਿੰਘ ਕਲਸੀਆਂ ਵਾਲਾ ਬਕੌਂਠੇ ਰੱਖ ਵਿਚ ਵਾਈ ਕਰਦਾ ਸੀ । ਚੇਤ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਆਇਆ ਹੈ । ਓਸ ਆਖਿਆ ਸੱਚੇ ਪਾਤਸ਼ਾਹ ਰੱਖ ਵਿਚ ਘਾਹ ਬੜਾ ਹੈ ਤੇ ਸੌਣ ਦਾ ਮਹੀਨਾ ਮਾਲ ਸਾਰਾ ਓਥੇ ਘਲ ਦਿਓ । ਤੁਹਾਡਾ ਸਿਖ ਇਕ ਜਾਣਾ ਮਾਲ ਲੈ ਜਾਵੇ, ਚੰਗਾ ਚੰਗਾ ਘਾਹ ਤੁਹਾਡਾ ਮਾਲ ਛਕੀ ਜਾਵੇਗਾ । ਸੱਚੇ ਪਾਤਸ਼ਾਹ ਸਿਖਾਂ ਨੂੰ ਆਖਿਆ, ਜੇਹੜੇ ਕੋਲ ਸਨ ਕਿਸੇ ਹਾਂ ਨਹੀਂ ਕੀਤੀ ਜੀ । ਓਨੇ ਚਿਰ ਨੂੰ ਤੇਜਾ ਸਿੰਘ ਬਾਰ ਵਿਚੋਂ ਆ ਗਿਆ । ਸੱਚੇ ਪਾਤਸ਼ਾਹ ਬਚਨ ਕੀਤਾ ਕਿ ਚੇਤ ਸਿੰਘ ਸਨਾਹ ਦੇ ਗਿਆ ਹੈ ਕਿ ਮਾਲ ਰੱਖ ਵਿਚ ਲੈ ਆਓ । ਤੇਜਾ ਸਿੰਘ ਆਖਿਆ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਆਪ ਜੀ ਦਾ ਹੁਕਮ ਹੋਵੇ ਤਿਆਰ ਹਾਂ । ਪਾਤਸ਼ਾਹ ਆਖਿਆ ਮਹੀਂ ਤੇ ਘੋੜੀ ਤੇਜਾ ਸਿੰਘ ਰੱਖ ਵਿਚ ਲੈ ਜਾ । ਤੇਜਾ ਸਿੰਘ ਸਤਿ ਬਚਨ ਮੰਨ ਕੇ ਤੁਰ ਪਿਆ ਹੈ । ੩(3) ਮੀਲ ਰੱਖ ਦਾ ਪੈਂਡਾ ਹੈ । ਮਹੀਂ ਚਾਰ ਕੇ ਦੋਵੇਂ ਟੈਮ ਦੁੱਧ ਲੈ ਔਣਾ ਤੇ ਪਰਸ਼ਾਦ ਛਕ ਜਾਣਾ । ੨(2) ਮਹੀਨੇ ਓਥੇ ਮਹੀਂ ਰੱਖੀਆਂ ਹਨ । ਚੇਤ ਸਿੰਘ ਸਿਖ ਨੇੜੇ ਕਰ ਕੇ ਹਰ ਇਕ ਚੀਜ ਦੀ ਬੜੀ ਸੇਵਾ ਕਰਦਾ ਸੀ । ਇਕ ਦਿਨ ਤੇਜਾ ਸਿੰਘ ਨੂੰ ਬੁਖਾਰ ਚੜ੍ਹ ਗਿਆ, ਤੇ ਰੰਗਾ ਸਿੰਘ ਪਾਤਸ਼ਾਹ ਦਾ ਚਾਚਾ, ਮਾਲ ਕੋਲ ਚਲਾ ਗਿਆ । ਰੰਗਾ ਸਿੰਘ ਸੌਂ ਗਿਆ ਤੇ ਇਕ ਚੋਰ ਚੋਰੀ ਘੋੜੀ ਖੋਲ੍ਹ ਕੇ ਲੈ ਗਿਆ । ਰਾਤ ਨੂੰ ਪਾਤਸ਼ਾਹ ਨੂੰ ਸਨੇਹਾ ਆ ਗਿਆ ਕਿ ਬਾਬਾ ਰੰਗਾ ਸਿੰਘ ਘੋੜੀ ਗੁਵਾ ਬੈਠਾ ਹੈ । ਫੇਰ ਜਿਸ ਵੇਲੇ ਪਤਾ ਲੱਗਾ, ਤੇ ਚੋਰ ਫੜਿਆ ਗਿਆ । ਚੋਰ ਪਾਤਸ਼ਾਹ ਨੂੰ ਆਖਣ ਲੱਗਾ ਪਾਤਸ਼ਾਹ ਮੈਂ ਭੁੱਖਾ ਮਰਦਾ ਤੁਹਾਡੀ ਘੋੜੀ ਲੈ ਗਿਆ ਸੀ । ਸੱਚੇ ਪਾਤਸ਼ਾਹ ਬੜੇ ਰੈਹਮ ਦਿਨ ਸਨ । ਗਰੀਬ ਕਰ ਕੇ ਉਸ ਨੂੰ ਛੱਡ ਦਿਤਾ । ਸਿਖਾਂ ਨੇ ਸੇਵਾ ਕਰਨੀ ਤੇ ਚੰਗੀ ਚੀਜ ਲੱਭ ਕੇ ਲਿਆਉਣੀ, ਆਖਣਾ ਪਾਤਸ਼ਾਹ ਨੂੰ ਦਿਆਂਗੇ ਤੇ ਲੋਕਾਂ ਵੇਖ ਕੇ ਸੜ ਜਾਣਾ । ਜਿਸ ਨੂੰ ਜਣਾਵੇ ਸੋ ਜਨ ਜਾਣੇ, ਜੀਆਂ ਦੇ ਕੀ ਅਖਤਿਆਰ ਹੈ । ਸੱਚੇ ਪਾਤਸ਼ਾਹ ਦੀ ਘੋੜੀ ਚੋਰ ਲੈ ਗਏ ਸੁਣ ਕੇ ਬਲਵੰਤ ਸਿੰਘ ਭੁਚਰ ਵਾਲਾ ਪਤਾ ਲੈਣ ਆਇਆ ਘੋੜੀ ਤੇ ਚੜ੍ਹ ਕੇ ਤੇ ਓਹੋ ਘੋੜੀ ਸਣੇ ਕਾਠੀ ਪਾਤਸ਼ਾਹ ਨੂੰ ਦੇ ਗਿਆ । ਲੋਕੀ ਓਸ ਚੋਰ ਨੂੰ ਫਿਟਕਾਂ ਪੌਣ ਕਿ ਤੂੰ ਪਾਤਸ਼ਾਹ ਦੀ ਹੀ ਘੋੜੀ ਚੁਰੌਣੀ ਸੀ । ਓਨਾਂ ਨੂੰ ਤਾਂ ਕੋਈ ਘਾਟਾ ਨਹੀਂ । ਹੋਰ ਘੋੜੀ ਸਿਖ ਦੇ ਗਏ ਹਨ । ਪਾਤਸ਼ਾਹ ਵੀ ਮਾਸੀਆਂ ਸ਼ਰਾਬੀਆਂ ਨੂੰ ਆਪਣਾ ਆਪ ਨਹੀਂ ਸੀ ਵਖੌਂਦੇ ।।
ਸਾਲ ਪਿਛੋਂ ਫੇਰ ਆਸਲਾਂ ਦੇ ਚੋਰ ਪਾਤਸ਼ਾਹ ਦੇ ਦੋ ਬੌਲਦ ਤੇ ਇਕ ਘੋੜਾ ਚੋਰੀ ਕਰ ਕੇ ਲੈ ਗਏ । ਇਕ ਆਸਲਾਂ ਦਾ ਜ਼ਿਮੀਦਾਰ ਉਸ ਨੇ ਦੋ ਖੂਨ ਕੀਤੇ ਸੀ ਤੇ ਰੱਖ ਵਿਚ ਲੁਕਿਆ ਫਿਰਦਾ ਸੀ । ਓਸ ਨੂੰ ਪਤਾ ਲੱਗਾ ਤੇ ਓਸ ਆਖਿਆ ਮਾੜਾ ਕੀਤਾ, ਪਾਤਸ਼ਾਹ ਦੀ ਚੋਰੀਂ ਨਹੀਂ ਸੀ ਕਰਨੀ । ਦਿਨੇ ਲੱਭਣ ਚੜ੍ਹੇ ਹਨ । ਓਸ ਡਾਕੂ ਨੇ ਸਨੇਹਾ ਘਲਿਆ ਕਿ ਪਾਤਸ਼ਾਹ ਐਵੇਂ ਲਭਦੇ ਨਾ ਫਿਰਨ, ਪਸ਼ੂ ਤੇ ਸਾਡੇ ਪਿੰਡ ਦੇ ਲੈ ਆਏ ਹਨ । ਮੈਂ ਆਪੇ ਤੁਹਾਡੇ ਘਰ ਪੁਚਾ ਦਿਆਂਗਾ । ਚੋਰ ਡਾਕੂ ਦੇ ਆਖੇ ਲੱਗ ਕੇ ਵੀ ਨਾ ਮੋੜਨ । ਮਹਾਰਾਜ ਨੇ ਇਕ ਚੋਰ ਨੂੰ ਰਾਤੀਂ ਭੈ ਦਿਤਾ, ਉਹ ਮਰਾਸੀ ਜਾਤ ਦਾ ਸੀ । ਭੈ ਦੇ ਕੇ ਆਖਣ ਲੱਗੇ ਕੁੱਤਿਆ ਮਰਾਸੀਆ ਤੇਰੇ ਪ੍ਰਾਣ ਕੱਢ ਦਿਆਂਗੇ, ਨਹੀਂ ਤੇ ਸਾਡੇ ਬੌਲਦ ਤੇ ਘੋੜੀ ਦੇ ਦੇ । ਮਰਾਸੀ ਉਸੇ ਵਕਤ ਬੌਲਦ ਤੇ ਘੋੜੀ ਜਿਥੇ ਹੈ ਸਨ, ਲੈਣ ਤੁਰ ਪਿਆ । ਬੌਲਦ ਲੈ ਆਇਆ ਘੋੜੀ ਫਿਰ ਨਾਲ ਦੇ ਚੋਰਾਂ ਨਹੀਂ ਦਿਤੀ । ਰੱਖ ਵਾਲੇ ਡਾਕੂ ਕੋਲ ਮਰਾਸੀ ਬੌਲਦ ਛੱਡ ਗਿਆ ਤੇ ਆਖਣ ਲੱਗਾ ਪਾਤਸ਼ਾਹ ਅੱਗੇ ਮੇਰੀ ਬੇਨੰਤੀ ਕਰੀਂ, ਰਾਤ ਮੈਨੂੰ ਬੜਾ ਭੈ ਦਿਤਾ ਹੈ, ਮੇਰੇ ਤੇ ਦਇਆ ਕਰਨ । ਡਾਕੂ ਸਨੇਹਾ ਘਲਿਆ ਸੱਚੇ ਪਾਤਸ਼ਾਹ ਤੁਹਾਡੇ ਬੌਲਦ ਮੇਰੇ ਕੋਲ ਹਨ, ਤੇ ਆਣ ਕੇ ਲੈ ਜਾਓ । ਪਾਤਸ਼ਾਹ ਬੌਲਦ ਲੈਣ ਰੱਖ ਨੂੰ ਗਏ ਤੇ ਨਾਲ ੧੦(10) ਬੰਦੇ ਸਨ । ਉਥੇ ਮਰਾਸੀ ਬਚਨ ਕੀਤਾ ਕਿ ਪਾਤਸ਼ਾਹ ਮੈਨੂੰ ਦੋ ਰਾਤਾਂ ਸੌਣ ਨਹੀਂ ਦਿਤਾ, ਮੂੰਹ ਵਿਚ ਘਾ ਲੈ ਕੇ ਭੁਲ ਬਖ਼ਸ਼ੌਂਦਾ ਹੈ । ਪਾਤਸ਼ਾਹ ੧੦(10) ਰੁਪੈਏ ਜੇਬ ਵਿਚੋਂ ਕੱਢ ਕੇ ਮਰਾਸੀ ਨੂੰ ਦਿਤੇ ਤੇ ਖ਼ੁਸ਼ ਹੋ ਗਿਆ । ਬੂੜੀ ਡਾਕੂ ਨੂੰ ਆਖਣ ਲਗੇ, ਜਾਹ ਤੂੰ ਪੇਸ਼ ਹੋ ਜਾ, ਬਰੀ ਹੋਜੇਂਗਾ । ਤੈਨੂੰ ਤੱਤੀ ਵਾ ਨਾ ਲੱਗੂ । ਦੂਸਰਿਆਂ ਚੋਰਾਂ ਨੇ ਘੋੜੀ ਨਹੀਂ ਦਿਤੀ । ਘੋੜੀ ਲਕੌਂਦੇ ਫਿਰਦੇ ਹਨ । ਮਗਰੋਂ ਉਨ੍ਹਾਂ ਦੀ ਬੜੀ ਬਦਨਾਮੀ ਹੋਈ । ਇਕੋ ਫੁਕਾਰਾ ਪਾਤਸ਼ਾਹ ਮਾਰਿਆ, ਫਿਰ ਪਿਛੋਂ ਕਿਸੇ ਚੋਰ ਡੰਗਰ ਨੂੰ ਹੱਥ ਨਹੀਂ ਲਾਇਆ, ਖੁਲ੍ਹੇ ਚਰਦੇ ਰਹੇ ।।