੧੨ ਮੱਘਰ ੨੦੧੦ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਝੂਠੀ ਮਾਇਆ ਜਗਤ ਕੰਗਾਲ ਹੈ। ਸੋਹੰ ਸ਼ਬਦ ਸੱਚਾ ਧਨ ਮਾਲ ਹੈ। ਗੁਰਸਿਖਾਂ ਹਰਿ ਦੇਵੇ ਸਾਚਾ ਲਾਲ ਹੈ। ਏਕਾ ਰੰਗ ਅਵੱਲੜਾ, ਦਿਵਸ ਰੈਣ ਸਚ ਗੁਲਾਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸਾਚਾ ਨਾਂਓ, ਬਹਾਏ ਸਾਚੇ ਥਾਂਓ, ਸਾਚੀ ਵਸਤ ਰੱਖਣੀ ਸੰਭਾਲ ਹੈ। ਜਗਤ ਮਾਇਆ ਝੂਠੀ ਪ੍ਰੀਤ ਹੈ। ਗੁਰ ਚਰਨ ਏਕਾ ਸਾਚੀ ਰੀਤ ਹੈ। ਪ੍ਰਭ ਅਬਿਨਾਸ਼ੀ ਹੋਏ ਆਪ ਸਹਾਈ, ਬਣ ਜਾਏ ਸਾਚਾ ਮੀਤ ਹੈ। ਆਤਮ ਦਰ ਵੱਜੇ ਵਧਾਈ ਗੁਰਸਿਖ ਸਾਚਾ ਹੋਏ ਪਤਤ ਪੁਨੀਤ ਹੈ। ਹਰਿ ਹਰਿ ਗੁਣ ਰਸਨਾ ਗਾਈ, ਪ੍ਰਭ ਕਾਇਆ ਕਰੇ ਸੀਤ ਹੈ। ਘਰ ਸਾਚਾ ਭੁੱਲ ਨਾ ਜਾਈ, ਕਾਇਆ ਝੂਠੀ ਜਿਉਂ ਬਾਲੂ ਭੀਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਏਕਾ ਸਾਚਾ ਮੀਤ ਹੈ। ਜਗਤ ਮਾਇਆ ਕਲ ਅੰਧੇਰ ਹੈ। ਸ੍ਰਿਸ਼ਟ ਸਬਾਈ ਕਰ ਰਹੀ ਹੇਰ ਫੇਰ ਹੈ। ਗੁਰਸਿਖ ਜਗਾਏ ਹਰਿ ਨਾ ਲਾਏ ਦੇਰ ਹੈ। ਸਾਚੀ ਪਾਏ ਭਿੱਖ ਹਰਿ ਸਾਚਾ ਨਾਉਂ ਨਾ ਮੰਗੇ ਕੋਈ ਦੂਜੀ ਵੇਰ ਹੈ। ਦਰਗਹਿ ਸਾਚੀ ਦੇਵੇ ਥਾਉਂ, ਆਵਣ ਜਾਵਣ ਦੇਵੇ ਨਬੇੜ ਹੈ। ਪ੍ਰਭ ਮਿਲਣ ਦਾ ਰਾਖੋ ਚਾਓ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਦਰਸ ਦਿਖਾਏ ਨਾ ਲਾਏ ਦੇਰ ਹੈ। ਨਾ ਦੂਰ ਨਾ ਹਰਿ ਦੁਰਾਡਾ। ਆਪੇ ਆਪ ਲਡਾਏ ਗੁਰਸਿਖਾਂ ਲਾਡਾ। ਆਪੇ ਆਪ ਚਲਾਏ ਕਾਇਆ ਦੇਹੀ ਗਾਡਾ। ਸਹਿੰਸਾ ਰੋਗ ਸਰਬ ਚੁਕਾਏ, ਸੁਫਲ ਕਰਾਏ ਹਾਡਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪੇ ਬਾਡੀ ਆਪੇ ਬਾਡਾ। ਕਲਜੁਗ ਮਾਇਆ ਜਗਤ ਅੰਧ। ਆਤਮ ਹੋਈ ਪਾਪਾਂ ਕੰਧ। ਬੇਮੁਖ ਫਸੇ ਝੂਠੇ ਫੰਦ। ਨਾ ਕੋਈ ਛੁਡਾਏ ਜੋੜੇ ਬੰਦ ਬੰਦ। ਗੁਰਸਿਖ ਚੜ੍ਹਾਏ ਸਾਚੇ ਚੰਦ। ਮਦਿਰਾ ਮਾਸੀ ਦਰ ਦੁਰਕਾਏ ਵਿਚ ਸੰਗਤ ਰਹਿਣ ਨਾ ਦੇਵੇ ਗੰਦ। ਗੁਰਸਿਖ ਸਾਚੇ ਗਾਇਣ ਬੱਤੀ ਦੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਬਖ਼ਸ਼ੰਦ। ਕਲਜੁਗ ਮਾਇਆ ਜਗਤ ਹੁਲਾਰਾ। ਕਿਆ ਕੋਈ ਜਾਣੇ ਜੀਵ ਗਵਾਰਾ। ਝੂਠੇ ਵਹਿਣ ਝੂਠੀ ਧਾਰਾ। ਏਕਾ ਸਾਚਾ ਗੁਰ ਚਰਨ ਦਵਾਰਾ। ਜਿਥੇ ਵਸੇ ਹਰਿ ਨਿਰੰਕਾਰਾ। ਜੋਤ ਸਰੂਪੀ ਖੇਲ ਅਪਾਰਾ। ਬਿਨ ਰੰਗ ਰੂਪੀ ਵਿਚ ਗੁਰਸਿਖ ਪਸਾਰਾ। ਸ੍ਰਿਸ਼ਟ ਸਬਾਈ ਅੰਧ ਕੂਪੀ ਨਾ ਕੋਈ ਪਾਵੇ ਸਾਰਾ। ਪ੍ਰਭ ਅਬਿਨਾਸ਼ੀ ਜੋਤ ਸਰੂਪੀ, ਗੁਰਸਿਖਾਂ ਬੂਝ ਬੁਝਾਰਾ। ਭੇਵ ਨਾ ਪਾਏ ਕੋਈ ਸ਼ਾਹੋ ਵਡ ਭੂਪੀ, ਅਚਰਜ ਖੇਲ ਕਰੇ ਕਰਤਾਰਾ। ਏਕਾ ਦਿਸੇ ਸਤਿ ਸਰੂਪੀ ਜਿਨ ਆਤਮ ਦੇਵੇ ਜੋਤ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਸਾਚਾ ਘਰ ਕਰਨ ਵਣਜ ਵਪਾਰਾ। ਕਲਜੁਗ ਮਾਇਆ ਜਗਤ ਜਲਾਵੇ। ਆਤਮ ਤ੍ਰਿਸ਼ਨਾ ਅਗਨ ਰਖਾਵੇ। ਬ੍ਰਹਮਾ ਵਿਸ਼ਨਾ ਸਭ ਖੇਲ ਰਚਾਵੇ। ਨਾ ਕਿਸੇ ਦਿਸਨਾ ਪ੍ਰਭ ਵਿਚ ਸਮਾਵੇ। ਆਤਮ ਉਤਾਰੇ ਝੂਠੀ ਵਿਸਨਾ, ਜੋ ਜਨ ਲੱਗੇ ਸਰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਪਾਰ ਉਤਾਰੇ ਪਕੜੇ ਦੋਵੇਂ ਬਾਹੇਂ। ਜਗਤ ਮਾਇਆ ਵਹਿੰਦੀ ਧਾਰ। ਭਰਮ ਭੁਲੇਖੇ ਡੁੱਬਾ ਸੰਸਾਰ। ਸਾਚੇ ਲੇਖੇ ਗੁਰ ਦਰਬਾਰ। ਹੋਏ ਨਾ ਏਥੇ ਕਦੇ ਉਧਾਰ। ਸੱਚਾ ਸੌਦਾ ਹਰਿ ਚਰਨ ਪਿਆਰ। ਬਿਨ ਗੁਰ ਪੂਰੇ ਸ੍ਰਿਸ਼ਟ ਸਬਾਈ ਰਹੀ ਝੱਖ ਮਾਰ। ਨਾ ਕੋਈ ਦੇਵੇ ਆਤਮ ਸ਼ਬਦ ਸੱਚਾ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰੇ ਜਗਤ ਵਿਹਾਰ। ਕਲਜੁਗ ਮਾਇਆ ਝੂਠਾ ਵਹਿਣ। ਬੇਮੁੱਖਾਂ ਜੀਵ ਸਰਬ ਰੁੜ ਜਾਣ। ਗੁਰਮੁਖ ਸਾਚੇ ਪ੍ਰਭ ਚਰਨ ਡਿਗਣ ਆਣ। ਆਪ ਉਠਾਏ ਵਿਚ ਬੈਠਾਏ ਸ਼ਬਦ ਬਬਾਣ। ਤ੍ਰੈਲੋਕੀ ਨਾਥ, ਸਗਲਾ ਸਾਥ, ਹਰਿ ਰਘੁਨਾਥ, ਲੇਖ ਲਿਖਾਏ ਮਾਥ। ਪਿਛਲਾ ਲੇਖਾ ਦਏ ਚੁਕਾਏ। ਆਪ ਚੜ੍ਹਾਏ ਸ਼ਬਦ ਸਾਚੇ ਰਾਥ, ਕਲਜੁਗ ਬੇੜਾ ਪਾਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਮ ਧਰਮ ਜਰਮ ਸ੍ਰਿਸ਼ਟ ਸਬਾਈ ਆਪਣੇ ਹੱਥ ਰਖਾਏ। ਕਲਜੁਗ ਮਾਇਆ ਕੂੜ ਕੁੜਿਆਰੀ। ਜੀਵ ਅੰਧੇ ਜਿਉਂ ਰੈਣ ਅੰਧਿਆਰੀ। ਝੂਠਾ ਪਾਪ ਉਠਾਣਾ ਕੰਧੇ, ਅੱਗੇ ਜਾਣਾ ਹੋਇਆ ਭਾਰੀ। ਵੇਲਾ ਅੰਤਮ, ਸਮਝ ਮੂਰਖ ਬੰਦੇ, ਨਾ ਆਵੇ ਪਾਸਾ ਹਾਰੀ। ਜਗਤ ਵਿਹਾਰੀ ਝੂਠੇ ਧੰਦੇ, ਸਾਚਾ ਹਰਿ ਰਸਨ ਉਚਾਰੀ। ਮਦਿਰਾ ਮਾਸੀ ਪਾਪੀ ਗੰਦੇ, ਧਰਮ ਰਾਏ ਦੇ ਲਾਏ ਅਗਾੜੀ। ਕਲਜੁੁਗ ਹੋਏ ਭਾਗ ਮੰਦੇ, ਜਕੜੇ ਜਾਣ ਫੜ ਕੇ ਦਾਹੜੀ। ਹੱਥੀਂ ਪੈਰੀਂ ਵੱਜਣ ਜੰਦੇ, ਜਮਦੂਤ ਮੌਤ ਬਣ ਜਾਏ ਲਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦੁਰਕਾਰੇ ਨਾ ਦਿਸੇ ਕਿਸੇ ਪਿੱਛਾ ਅਗਾੜੀ। ਅੱਗੇ ਪਿੱਛੇ ਨਾ ਮਿਲੇ ਢੋਈ। ਪ੍ਰਭ ਬਿਨ ਅਵਰ ਨਾ ਦੀਸੇ ਕੋਈ। ਸ੍ਰਿਸ਼ਟ ਸਬਾਈ ਰਹੀ ਸੋਈ। ਗੁਰਮੁਖ ਸਾਚੇ ਦੁਰਮਤ ਮੈਲ ਪ੍ਰਭ ਦਰ ਧੋਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕੋ ਏਕ ਪੂਜੋ ਹਰਿ ਸੋਈ। ਹਰਿ ਸਾਚਾ ਪੁਰਖ ਅਪਾਰਿਆ। ਗੁਰਸਿਖ ਸਾਚੇ ਤੇਰਾ ਆਤਮ ਬ੍ਰਹਮ ਵਿਚਾਰਿਆ। ਕਲਜੁਗ ਜੀਵ ਭਾਂਡੇ ਕਾਚੇ, ਏਕਾ ਭਰਿਆ ਵਿਚ ਹੰਕਾਰਿਆ। ਦਰ ਘਰ ਸਾਚੇ ਆਏ ਨਾਚੇ, ਨਾ ਕੋਈ ਮਿਲੇ ਸਚ ਦਵਾਰਿਆ। ਗੁਰਮੁਖ ਸਾਚੇ ਪ੍ਰਭ ਢਾਲੇ ਸਾਚੇ ਢਾਂਚੇ। ਸੋਹੰ ਮੋਹਰ ਉਪਰ ਲਗਾ ਰਿਹਾ। ਪ੍ਰਭ ਅਬਿਨਾਸ਼ੀ ਬੈਠਾ ਹਿਰਦੇ ਵਾਚੇ, ਚਿਤਰ ਗੁਪਤ ਬਣ ਲੇਖੇ ਸਰਬ ਲਿਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਲੋਕ ਪ੍ਰਲੋਕ ਮਾਤ ਪਤਾਲ ਅਕਾਸ਼ ਸਰਬ ਥਾਈਂ ਏਕਾ ਜੋਤ ਜਗਾ ਰਿਹਾ। ਕਾਇਆ ਸਾਗਰ ਨੀਰ ਅੰਮ੍ਰਿਤ ਤਾਲ ਹੈ। ਗੁਰਸਿਖ ਵਿਰਲਾ ਕਲਜੁਗ ਮਾਰੇ ਵਿਚ ਛਾਲ ਹੈ। ਪ੍ਰਭ ਆਤਮ ਚਾੜ੍ਹੇ ਏਕਾ ਸਾਚਾ ਰੰਗ ਲਾਲ ਹੈ। ਦੂਜਾ ਵਸੇ ਸਾਚਾ ਸੰਗ ਚਰਨ ਪ੍ਰੀਤੀ ਨਿਭੇ ਨਾਲ ਹੈ। ਤੀਜਾ ਦਰ ਨਾ ਕੋਈ ਮੰਗ, ਪ੍ਰਭ ਹਿਰਦੇ ਬੈਠਾ ਜਗਾਏ ਜੋਤ ਮਸਾਲ ਹੈ। ਘਰ ਚੌਥੇ ਜਾਈਂ ਲੰਘ, ਬ੍ਰਹਮ ਗਿਆਨੀਆਂ ਪੌਂਦ ਜਾਲ ਹੈ। ਪੰਚਮ ਹੋਏ ਅੰਗ ਸੰਗ, ਗੁਰਸਿਖਾਂ ਲਏ ਸੁਰਤ ਸੰਭਾਲ ਹੈ। ਛੇ ਸ਼ਾਸਤਰ ਹੋਇਣ ਭੰਗ, ਜਿਸ ਸਿਰ ਹੱਥ ਧਰੇ ਦੀਨਾ ਕਾ ਦਿਆਲ ਹੈ। ਸਤਵਾਂ ਦੇਵੇ ਸਤਿ ਸੰਤੋਖ, ਸ਼ਬਦ ਕੁਠਾਲੀ ਦੇਵੇ ਗਾਲ ਹੈ। ਅਠਵਾਂ ਉਠੇ ਦੇਵੇ ਮੱਤ, ਰੱਖੇ ਯਤ ਨਾ ਲੱਥੇ ਪਤ, ਆਪਣੀ ਗੋਦ ਉਠਾਏ ਜਿਉਂ ਮਾਤਾ ਬਾਲ ਹੈ। ਨੌਵਾਂ ਨਾਵੇਂ ਘਰ ਵਿਸ਼ੇ ਵਿਕਾਰੀ ਸਾਰੇ ਡਰਨ, ਨਾ ਦਿਸੇ ਕਿਸੇ ਹਰਿ ਤੋੜੇ ਜਗਤ ਜੰਜਾਲ ਹੈ। ਦਸਵਾਂ ਦਹਿ ਦਿਸ ਚੁਕਾਏ ਡਰ, ਭਾਣਾ ਪ੍ਰਭ ਕਾ ਲੈਣਾ ਜਰ, ਸੋਹੰ ਨਾਮ ਰਸਨ ਉਚਾਰ, ਆਪ ਖੁਲ੍ਹਾਏ ਦਸਮ ਦਵਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਥੇ ਵਸੇ ਇਕ ਅਕਾਲ ਹੈ। ਇਕ ਇਕ ਇਕ ਅਕਾਰਿਆ। ਦੂਜਾ ਸ੍ਰਿਸ਼ਟ ਸਬਾਈ ਆਪ ਉਪਾ ਰਿਹਾ। ਤੀਜਾ ਤੀਨੋਂ ਲੋਕ ਵਸਾ ਰਿਹਾ। ਚੌਥੇ ਚਾਰ ਕੁੰਟ ਚਾਰੇ ਚੱਕ ਏਕਾ ਰੰਗ ਰੰਗਾ ਰਿਹਾ। ਪੰਜਵਾਂ ………………………………………. ਛੇਵਾਂ ਦੱਸੇ ਸ਼ਰਅ ਸ਼ਰਾਇਤ, ਸੋਹੰ ਸਾਚਾ ਨਾਮ ਜਪਾ ਰਿਹਾ। ਸਪਤਮ ਦੇਵੇ ਸਚ ਹਦਾਇਤ। ਮਦਿਰਾ ਮਾਸ ਰਸਨਾ ਰੋਗ ਗਵਾ ਰਿਹਾ। ਅਠਵਾਂ ਦਿਸੇ ਏਕਾ ਨਾਇਕ, ਜੀਵ ਜੰਤਾਂ ਸਾਚੀ ਬਣਤ ਬਣਾ ਰਿਹਾ। ਨੌਵਾਂ ਨਰ ਨਰਾਇਣ ਏਕਾ ਨੌਂ ਦਰ ਪ੍ਰਗਟ ਕਰ, ਦਸਵਾਂ ਗੁਪਤ ਰਖਾ ਰਿਹਾ। ਆਪ ਖੁਲ੍ਹਾਏ ਗੁਰਸਿਖ ਦਸਵਾਂ ਦਰ, ਨਿਜ ਘਰ ਆਸਣ ਪ੍ਰਭ ਸਾਚਾ ਲਾ ਰਿਹਾ। ਏਕਾ ਇਕ ਸੱਚੀ ਹਰਿ ਕਾਰ ਹੈ। ਦੂਜਾ ਕੋਈ ਨਾ ਜਗਤ ਵਿਹਾਰ ਹੈ। ਤੀਜੇ ਦੱਸੇ ਸਾਚੀ ਧਾਰ ਹੈ। ਚੌਥੇ ਫੜੇ ਹੱਥ ਸ਼ਬਦ ਕਟਾਰ ਹੈ। ਪੰਚਮ ਬਣੇ ਸੱਚੀ ਸਰਕਾਰ ਹੈ। ਛੇਵੇਂ ਹਰਿ ਅਸਵ ਅਸਵਾਰ ਹੈ। ਸਤਵੇਂ ਦੇਵੇ ਜੋਤ ਅਧਾਰ ਹੈ। ਅਸ਼ਟਮ ਉਲਟੀ ਲੱਠ, ਸ੍ਰਿਸ਼ਟ ਸਬਾਈ ਆਪ ਗਿੜਾਰ ਹੈ। ਨਾਵੇਂ ਪਾਏ ਨੱਥ, ਨਾ ਕੋਈ ਦਿਸੇ ਜਗਤ ਹੰਕਾਰ ਹੈ। ਰਾਹ ਸਾਚਾ ਦਸਵਾਂ ਜਾਏ ਦੱਸ, ਜਗੇ ਜੋਤ ਅਗੰਮ ਅਪਾਰ ਹੈ। ਏਕਾ ਇਕ ਓਅੰਕਾਰਿਆ। ਦੂਜਾ ਬਲ ਬਲੀ ਬਲਕਾਰਿਆ। ਤੀਜਾ ਬਣੇ ਆਪ ਤੀਨ ਲੋਕ ਸਿਕਦਾਰਿਆ। ਚੌਥੇ ਚਾਰੇ ਵੇਦ ਆਪਣਾ ਭੇਵ ਛੁਪਾ ਰਿਹਾ। ਪੰਚਮ ਇਕ ਰਖਾਏ ਸਾਚੀ ਸੇਧ, ਸਾਚੇ ਮਾਰਗ ਲਗਾ ਰਿਹਾ। ਛੇਵਾਂ ਨਾ ਛੁਪਿਆ ਵਿਚ ਕਿਤੇਬ, ਝੂਠੀਆਂ ਪੋਥੀਆਂ ਐਂਵੇਂ ਫੁਲਾ ਰਿਹਾ। ਸਤਵੇਂ ਸਦਾ ਸਦਾ ਅਭੇਦ, ਭੇਵ ਨਾ ਕਿਸੇ ਜਣਾ ਰਿਹਾ। ਅਠਵੇਂ ਅੱਠ ਅਠਾਰਾਂ ਅਛਲ ਅਛੇਦ ਹੈ। ਨੌਵੇਂ ਨੌਂ ਫੁੰਕਰੇ ਨਾ ਕੋਈ ਦਿਸੇ ਵਿਚ ਛੇਦ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਸਵੇਂ ਦਰ ਸਾਚੇ ਘਰ ਆਪ ਖੁਲ੍ਹਾਏ ਗੁਰਸਿਖ ਤੇਰਾ ਆਤਮ ਭੇਦ ਹੈ।