Granth 06 Likhat 028: Pahili Kattak 2013 Bikarmi Amritsar Nirmala Sammelan wich Pandit Shankar Anand Swami Kolo Shabad di Puch Kiti

ਪਹਿਲੀ ਕੱਤਕ ੨੦੧੩ ਬਿਕ੍ਰਮੀ ਅੰਮ੍ਰਿਤਸਰ ਨਿਰਮਲਾ ਸਮੇਲਨ ਵਿਚ ਪੰਡਤ ਸ਼ੰਕਰ ਅਨੰਦ ਸਵਾਮੀ ਕੋਲੋਂ ਸ਼ਬਦ ਦੀ ਪੁੱਛ ਕੀਤੀ

ਕਵਣ ਘਰ ਕਵਣ ਟਿਕਾਣਾ। ਕਵਣ ਸ਼ਬਦ ਮਾਤ ਬਿਬਾਣਾ। ਕਵਣ ਰੂਪ ਸੰਤ ਸਮਾਣਾ। ਕਵਣ ਭੂਪ ਕੰਤ ਭਗਵਾਨਾ। ਕਵਣ ਕੂਟ ਬਿਸਰਾਮ ਕਰਾਣਾ। ਕਵਣ ਫਲ ਰਿਹਾ ਟੂਟ, ਡਾਲ ਕਿਸੇ ਨਾ ਲਾਣਾ। ਕਵਣ ਪੰਘੂੜਾ ਰਿਹਾ ਝੂਟ, ਕਵਣ ਆਸਣ ਸੇਜ ਵਿਛਾਣਾ। ਜੋਤੀ ਜੋਤ ਸਰੂਪ ਹਰਿ, ਸੰਤਨ ਵੇਖੇ ਸਚ ਘਰ, ਦੂਸਰ ਦਰ ਭੇਵ ਨਾ ਪਾਣਾ। ਕਵਣ ਸਿੰਘਾਸਣ ਕਰ ਸ਼ਿੰਗਾਰ, ਆਤਮ ਸੇਜ ਵਿਛਾਈਆ। ਕਵਣ ਰੂਪ ਰੰਗ ਕੰਤ ਭਤਾਰ, ਸੁਰਤ ਸਵਾਣੀ ਨਾਰ ਸੁਹਾਗਣ ਆਪ ਬਣਾਈਆ। ਕਵਣ ਖਾਣਾ ਪੀਣਾ ਪਹਿਨਣਾ ਤਨ ਸ਼ਿੰਗਾਰ, ਕਵਣ ਵੇਸ ਕਰਾਈਆ। ਕਵਣ ਅੰਮ੍ਰਿਤ ਆਤਮ ਸਾਚੀ ਧਾਰ, ਦਿਵਸ ਰੈਣ ਅੱਠੇ ਪਹਿਰ ਤ੍ਰਿਪਤ ਕਰਾਈਆ। ਕਵਣ ਦਹਿ ਦਿਸ਼ਾ ਰਿਹਾ ਵਿਚਾਰ, ਲੋਆਂ ਪੁਰੀਆਂ ਗਗਨ ਪਾਤਾਲ ਆਕਾਸ਼ ਏਕਾ ਰੰਗ ਸਮਾਈਆ। ਕਵਣ ਘਰ ਹਰਿ ਸੰਤ ਰੱਖੇ ਵਾਸ, ਮਿਲੇ ਮੇਲ ਪੁਰਖ ਅਬਿਨਾਸ਼, ਹਰਿ ਦੂਸਰ ਦਰ ਕੋਇ ਦਿਸ ਨਾ ਆਈਆ। ਨਿਜ ਘਰ ਨਿਜ ਆਤਮ ਵੇਖ ਵਖਾਣੇ ਸਰਬ ਗੁਣਤਾਸ, ਭੇਦ ਅਭੇਦਾ ਭੇਵ ਖੁਲ੍ਹਾਈਆ। ਕਵਣ ਮੰਡਪ ਵੇਖੇ ਰਾਸ, ਸੰਤ ਸੁਹੇਲਾ ਇਕ ਅਕੇਲਾ ਇਕਾਂਤ ਅਨੰਤ ਰੂਪ ਅਨੂਪ ਸਤਿ ਸਰੂਪ ਸ਼ਾਹੋ ਭੂਪ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਸੰਤਨ ਪੁੱਛੇ ਸਚ ਘਰ, ਨੌ ਦਵਾਰੇ ਬੰਦ ਦਰ, ਦਸਵੇਂ ਖੋਲ੍ਹੇ ਬੰਦ ਕਿਵਾੜ, ਕਵਣ ਦਰਵਾਜ਼ੇ ਜਾਏ ਅੰਦਰ ਵੜ, ਕਵਣ ਕੁੰਡਾ ਆਪੇ ਲਾਹੀਆ। ਕਵਣ ਘਰ ਕਵਣ ਦਰਵਾਜ਼ਾ। ਏਕਾ ਏਕ ਵਸੇ ਹਰਿ ਗਰੀਬ ਨਿਵਾਜਾ। ਭਗਤ ਜਨਾਂ ਰਾਹ ਸਾਚਾ ਦੱਸੇ ਸ਼ਬਦ ਰਖਾਏ ਘੋੜਾ ਤਾਜਾ। ਨਾ ਰੋਵੇ ਨਾ ਕਦੇ ਹੱਸੇ, ਧੁਨ ਆਤਮਕ ਬ੍ਰਹਿਮਾਦਾ। ਮਾਰੇ ਸ਼ਬਦ ਅਵਾਜਾ। ਰਸਨਾ ਖਾਏ ਨਾ ਗਾਏ ਕੋਈ ਸਵਾਦ, ਆਦਿ ਜੁਗਾਦਿ ਇਕ ਇਕਾਂਤਾ। ਜੋਤੀ ਜੋਤ ਸਰੂਪ ਹਰਿ, ਸੰਤਨ ਵੇਖੇ ਇਕ ਘਰ, ਖੋਜਤ ਖੋਜਤ ਕਾਇਆ ਪਿੰਡ ਬ੍ਰਹਿਮੰਡ ਅੰਡ ਖੰਡ ਵਿਚ ਵਿਸਮਾਦਾ। ਸੰਤਨ ਧਾਮ ਘਰ ਅਗੰਮ, ਦਿਸ ਕਿਸੇ ਨਾ ਆਇਆ , ਨਾ ਕੋਈ ਛੱਪਰ ਛੰਨ ਨਾ ਦੀਸੇ ਥੰਮ੍ਹ, ਚਾਰ ਦਿਵਾਰ ਨਾ ਕੋਈ ਬਣਾਇਆ। ਜਗਤ ਤ੍ਰਿਸ਼ਨਾ ਭੁੱਖ ਨਾ ਤਮ, ਆਲਸ ਨਿੰਦਰਾ ਨੀਂਦ ਨਾ ਆਇਆ। ਸ਼ਬਦ ਸਿੰਘਾਸਣ ਜੋਤੀ ਡੇਰਾ ਲਾਇਆ। ਜੋਤੀ ਨੂਰ ਕਵਣ ਦਵਾਰ, ਕਰੇ ਸਚ ਰੁਸ਼ਨਾਈਆ। ਮੇਟ ਮਿਟਾਏ ਅੰਧ ਅੰਧਿਆਰ, ਦੀਵਾ ਬੱਤੀ ਨਾ ਕੋਈ ਜਲਾਈਆ। ਸ਼ਬਦ ਧੁਨ ਅਪਰ ਅਪਾਰ, ਪੰਚਮ ਰਿਹਾ ਗਾਈਆ। ਪੰਚਮ ਮੇਲਾ ਮੀਤ ਮੁਰਾਰ, ਏਕਾ ਰੰਗ ਸਮਾਈਆ। ਤਨ ਬਸਤਰ ਕਾਇਆ ਸ਼ਬਦ ਸ਼ਸਤਰ ਤੀਰ ਕਟਾਰ, ਨਾਉਂ ਨਿਰੰਕਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਸੰਤਨ ਪੁੱਛੇ ਸਚ ਘਰ, ਭਾਰਤ ਖੰਡ ਕਵਣ ਦਵਾਰ ਦਵਾਰਕਾ ਪਾਈ ਵੰਡ, ਚਾਰ ਕੁੰਟ ਦਹਿ ਦਿਸ਼ਾ ਪੰਚਮ ਤਤ ਵਿਕਾਰੀ ਹਿਸਾ ਧੀਰਜ ਯਤ ਸਤਿ ਸੰਤੋਖ ਗਿਆਨ ਧਿਆਨ ਅੰਤਮ ਮੋਖ ਕਵਣ ਦਵਾਰੇ ਡੇਰਾ ਲਾਈਆ। ਸ਼ਬਦ ਗੁਰ ਬਲਵਾਨ, ਹੈ, ਹਰ ਘਟ ਮੇਂ ਰਿਹਾ ਸਮਾਏ। ਜਿਸ ਜਨ ਪ੍ਰਭ ਦੇਵੇ ਸਾਚਾ ਜੀਆ ਦਾਨ ਹੈ, ਆਤਮ ਜੋਤ ਜਗਾਏ। ਇਕ ਰਖਾਏ ਚਰਨ ਧਿਆਨ ਹੈ, ਏਕਾ ਰੰਗ ਸਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਖਾਧਾਰੀ ਭੇਖ ਰਖਾਏ। ਕਲਜੁਗ ਤੇਰਾ ਅੰਤਮ ਭੇਖ, ਪੁਰਖ ਅਬਿਨਾਸ਼ੀ ਵੇਖਣ ਆਇਆ। ਲੱਖ ਚੁਰਾਸੀ ਮਸਤਕ ਲਿਖੇ ਵੇਖੇ ਰੇਖ, ਲਿਖਣਹਾਰਾ ਦਿਸ ਨਾ ਆਇਆ। ਨੌ ਖੰਡ ਪ੍ਰਿਥਮੀ ਰਹੀ ਵੇਖ, ਭੇਵ ਅਭੇਦਾ ਦਿਸ ਨਾ ਆਇਆ। ਭਰਮੇ ਭੁੱਲੇ ਔਲੀਏ ਪੀਰ ਸ਼ੇਖ਼, ਸਾਧਾਂ ਸੰਤਾਂ ਮਾਇਆ ਮਮਤਾ ਜਗਤ ਮੋਹ ਵਧਾਇਆ। ਨਾ ਕੋਈ ਜਾਣੇ ਸ਼ਬਦ ਅਗੰਮਤਾ, ਅਗੰਮ ਅਗੰਮਾ ਜੋਤੀ ਨੂਰ ਸਵਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰਾ ਵੇਖਣ ਦਰ, ਲੋਕਮਾਤ ਮਾਰ ਝਾਤ ਏਕਾ ਰੂਪ ਸਮਾਇਆ।।

Leave a Reply

This site uses Akismet to reduce spam. Learn how your comment data is processed.