੨੦ ਜੇਠ ੨੦੧੮ ਬਿਕ੍ਰਮੀ ਕੱਥਾ ਸਿੰਘ ਦੇ ਗ੍ਰਹਿ ਚੜ੍ਹਦਾ ਗਰਾਮ ਜੰਮੂ
ਸਤਿਗੁਰ ਕਿਰਪਾ, ਅੰਧ ਵਿਨਾਸੇ। ਸਤਿਗੁਰ ਕਿਰਪਾ, ਜੋਤ ਪਰਕਾਸ਼ੇ। ਸਤਿਗੁਰ ਕਿਰਪਾ, ਭਰਮ ਭੌ ਨਾਸੇ। ਸਤਿਗੁਰ ਕਿਰਪਾ, ਹੋਏ ਬੰਦ ਖ਼ੁਲਾਸੇ। ਸਤਿਗੁਰ ਕਿਰਪਾ, ਕੱਟੇ ਜਮ ਕੀ ਫਾਸੇ। ਸਤਿਗੁਰ ਕਿਰਪਾ, ਗੁਰ ਸਤਿਗੁਰ ਚਰਨ ਕਵਲ ਕਰੇ ਨਿਵਾਸੇ। ਸਤਿਗੁਰ ਕਿਰਪਾ, ਦਸ ਦਸ ਮਾਸ ਮਾਤ ਗਰਭ ਕਦੇ ਨਾ ਫਾਸੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਾਹੋ ਸ਼ਾਬਾਸੇ। ਸਤਿਗੁਰ ਕਿਰਪਾ, ਭਏ ਅਨੰਦ। ਸਤਿਗੁਰ ਕਿਰਪਾ, ਮੁਖ ਸਾਲਾਹਣ ਬੱਤੀ ਦੰਦ। ਸਤਿਗੁਰ ਕਿਰਪਾ, ਰਸਨ ਤਜਾਏ ਮਦਿਰਾ ਮਾਸ ਗੰਦ। ਸਤਿਗੁਰ ਕਿਰਪਾ, ਹਰਿਜਨ ਗਾਏ ਸੁਹਾਗੀ ਛੰਦ। ਸਤਿਗੁਰ ਕਿਰਪਾ, ਖ਼ੁਸ਼ੀ ਹੋਏ ਬੰਦ ਬੰਦ। ਸਤਿਗੁਰ ਕਿਰਪਾ, ਲੇਖਾ ਚੁੱਕੇ ਜੇਰਜ ਅੰਡ। ਸਤਿਗੁਰ ਕਿਰਪਾ, ਮਾਣਸ ਜੀਵਣ ਜਗਤ ਚੁੱਕੇ ਪੰਧ। ਸਤਿਗੁਰ ਕਿਰਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਦਾ ਸਦਾ ਬਖ਼ਸ਼ੰਦ। ਸਤਿਗੁਰ ਕਿਰਪਾ ਕਿਰਪਾਨਿਧ, ਹਰਿਜਨ ਦਇਆ ਕਮਾਇੰਦਾ। ਕਰਤਾ ਕਾਰਜ ਕਰੇ ਸਿਧ, ਜੁਗਤ ਆਪਣੇ ਹੱਥ ਰਖਾਇੰਦਾ। ਆਪਣੇ ਮਿਲਣ ਦੀ ਆਪੇ ਬਿਧ, ਜੁਗਾ ਜੁਗੰਤਰ ਆਪ ਬਣਾਇੰਦਾ। ਘਰ ਉਪਜਾਏ ਨੌਂ ਨਿਧ, ਅਠਾਰਾਂ ਸਿਧ ਦਰ ਫਿਰਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਵਸਤ ਅਮੋਲਕ ਨਾਮ ਅਨਮੁੱਲਾ ਝੋਲੀ ਪਾਇੰਦਾ। ਹਰਿਜਨ ਬਣਾਏ ਸਾਚੀ ਬਿੰਦ, ਪੂਤ ਸਪੂਤਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸਾਚੇ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਹਰਿ ਨਿਰੰਕਾਰਾ, ਏਕਾ ਏਕ ਜਣਾਈਆ। ਸਤਿਗੁਰ ਚਰਨ ਜਗਤ ਸਹਾਰਾ, ਬਿਨ ਸਤਿਗੁਰ ਪਾਰ ਨਾ ਕੋਇ ਕਰਾਈਆ। ਲੱਖ ਚੁਰਾਸੀ ਡੂੰਘੀ ਮੰਝਧਾਰਾ, ਡੂੰਘੀ ਭਵਰੀ ਪਾਰ ਨਾ ਕੋਇ ਕਰਾਈਆ। ਕਲਜੁਗ ਤੇਰਾ ਅੰਤ ਕਿਨਾਰਾ, ਆਪੇ ਵੇਖੇ ਵੇਖਣਹਾਰਾ, ਪੁਰਖ ਅਕਾਲ ਵਡੀ ਵਡਿਆਈਆ। ਜਿਸ ਜਨ ਦਏ ਨਾਮ ਆਧਾਰਾ, ਸੋਹੰ ਸ਼ਬਦ ਸਤਿ ਜੈਕਾਰਾ, ਆਤਮ ਪਰਮਾਤਮ ਮੇਲ ਮਿਲਾਈਆ। ਇਕ ਵਖਾਏ ਹਰਿ ਮੰਦਰ ਸੱਚਾ ਗੁਰੂਦਵਾਰਾ, ਕਾਇਆ ਮੰਦਰ ਅੰਦਰ ਕੁੰਡਾ ਲਾਹੀਆ। ਠਾਕਰ ਸਵਾਮੀ ਹੋਏ ਉਜਿਆਰਾ, ਪੀਰ ਪੈਗ਼ੰਬਰ ਬੇਪਰਵਾਹੀਆ। ਜਿਸ ਜਨ ਦੇਵੇ ਆਪ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕ ਦਾਤਾਰਾ, ਦੇਵਣਹਾਰ ਇਕ ਅਖਵਾਈਆ।
