G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ

ਬਾਤਨ, ਨੂਰ ਨੂਰ ਨਾ ਕੋਇ ਮਿਲਾਈਆ। ਰੂਹ ਬੁਤ ਨਾ ਦਿਸੇ ਪਾਕਨ, ਖ਼ਾਕੀ ਵਜੂਦ ਨਾ ਕੋਇ ਵਡਿਆਈਆ। ਜਨ ਭਗਤ ਸੁਹੇਲੇ ਥੋੜ੍ਹੇ ਦਿਸਣ ਦਾਸਨ, ਜੋ ਦਰਸੀ ਹੋ ਕੇ ਦਰਸ਼ਨ ਕਰਕੇ ਦਹਿ ਦਿਸ਼ਾ ਪ੍ਰੇਮ ਪ੍ਰੀਤੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਜ਼ਰ ਵਿਚੋਂ ਕਢਾਈਆ। ਸਿੰਘਾਸਣ ਤੋਂ ਪਹਿਲੋਂ ਧਰਤੀ ਕਰੇ ਪੁਕਾਰ, ਜਨ ਭਗਤਾਂ ਰਹੀ ਸੁਣਾਈਆ। ਮੈਨੂੰ ਕਰਾਓ ਉਹਦਾ ਦੀਦਾਰ, ਜਿਸ ਦਾ ਦੀਦ ਇਕ ਰੁਸ਼ਨਾਈਆ। ਜਿਸ ਦੇ ਸਭ ਕੁਛ ਅਖ਼ਤਿਆਰ, ਦੋ ਜਹਾਨਾਂ ਸ੍ਰੀ ਭਗਵਾਨਾ ਹੁਕਮ ਸੁਣਾਈਆ। ਜੋ ਆਦਿ ਜੁਗਾਦੀ ਧੁਰ ਦਾ ਯਾਰ, ਯਰਾਨੇ ਭਗਤਾਂ ਸੂਫ਼ੀਆਂ ਨਾਲ ਰਖਾਈਆ। ਜਿਸ ਦਾ ਜੱਨਤਾਂ ਤੋਂ ਬਾਹਰ ਮਜ਼ਾਰ, ਦਰਗਾਹ ਸਾਚੀ ਧਾਮ ਬੈਠਾ ਆਸਣ ਲਾਈਆ। ਜਿਸ ਦੀ ਕਲਮਿਆਂ ਤੋਂ ਬਾਹਰ ਕਲਾਮ, ਜਿਸ ਦਾ ਅੱਖਰਾਂ ਤੋਂ ਬਾਹਰ ਨਿਸ਼ਾਨ, ਜਗਤ ਜਹਾਨ ਵੇਖਣ ਕੋਇ ਨਾ ਪਾਈਆ। ਜਿਸ ਦਾ ਸਦਾ ਸਦਾ ਨਿਤ ਨਵਾਂ ਨਿਜ਼ਾਮ, ਹੁਕਮ ਸੰਦੇਸ਼ਾ ਧੁਰ ਪੈਗ਼ਾਮ, ਪੈਗ਼ੰਬਰਾਂ ਦਾ ਪੈਗ਼ੰਬਰ ਧੁਰ ਦਾ ਅਮਾਮ, ਅਮਨ ਦਾ ਦਾਤਾ ਇਕੋ ਨਜ਼ਰੀ ਆਈਆ। ਭਗਤਾਂ ਦਾ ਭਗਵਾਨ, ਸੰਤਾਂ ਦਾ ਮਿਹਰਵਾਨ, ਬਟਵਾਰੇ ਦੇ ਦਰ ਤੇ ਬੈਠਾ ਆਣ, ਗੋਪੀਆਂ ਦਾ ਕਾਹਨ, ਸੀਤਾ ਦਾ ਰਾਮ, ਸੁਰਤੀ ਦਾ ਬਿਸਰਾਮ, ਮੂਰਤੀ ਦਾ ਧਿਆਨ, ਅਕਾਲ ਅਕਾਲ ਨਜ਼ਰੀ ਆਈਆ। ਦਰਦੀਆਂ ਦਾ ਦਰਬਾਨ, ਦਰਵੇਸ਼ਾਂ ਦਾ ਧਿਆਨ, ਨਰੇਸ਼ਾਂ ਦਾ ਕਾਲ ਨਿਰੰਕਾਰ ਇਕ ਅਖਵਾਈਆ। ਸ਼ਬਦਾਂ ਦਾ ਗਿਆਨ, ਅਨੰਤਾਂ ਦਾ ਦਾਨ, ਸੁਤਾਂ ਦਾ ਭਾਨ, ਨੂਰ ਚੰਦ ਰੁਸ਼ਨਾਈਆ। ਕਰਤਿਆਂ ਦਾ ਕਲਿਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਧਰਨੀ ਕਹੇ ਮੇਰੀ ਰੁਤੀ ਵੇਖ ਮਿੱਟੀ, ਜੋ ਧੂੜ ਨਜ਼ਰੀ ਆਈਆ। ਜਿਸ ਵੇਲੇ ਬੈਠਾ ਸੀ ਬਾਲਮੀਕ ਰਿਖੀ, ਆਪਣਾ ਆਸਣ ਲਾਈਆ। ਇਕ ਦਿਨ ਓਸ ਨੇ ਹੱਥ ਵਿਚ ਸੋਟੀ ਫੜ ਕੇ ਤਿੱਖੀ, ਮੇਰੇ ਵਿਚ ਦਿਤੀ ਚੁਭਾਈਆ। ਮੈਂ ਡਾਹ ਕੇ ਆਪਣੀ ਪਿੱਠੀ, ਬੈਠੀ ਸੀਸ ਨਿਵਾਈਆ। ਅੰਦਰੋਂ ਦੁਹੱਥੜਾ ਮਾਰ ਕੇ ਪਿੱਟੀ, ਰੋ ਰੋ ਕੁਰਲਾਈਆ। ਮੈਂ ਵਜੂਦੋਂ ਨਿੱਕੀ, ਮੇਰੀ ਚਲੇ ਨਾ ਕੋਇ ਚਤੁਰਾਈਆ। ਓਧਰੋਂ ਇਕ ਰਾਹੀ ਆਇਆ ਜਿਸ ਦੇ ਉਤੇ ਚਾਦਰ ਚਿੱਟੀ, ਓਢਣ ਇਕੋ ਨਜ਼ਰੀ ਆਈਆ। ਓਸ ਨੇ ਵੇਖਿਆ ਮੈਂ ਰੋਂਦੀ ਉਹਨੂੰ ਦਿਸੀ, ਹੌਕਿਆਂ ਨਾਲ ਸੁਣਾਈਆ। ਉਹ ਮੈਨੂੰ ਮਿਲ ਕੇ ਇਕ ਦੇ ਗਿਆ ਚਿੱਠੀ, ਤਿੰਨਾਂ ਹਰਫ਼ਾਂ ਵਿਚ ਵਡਿਆਈਆ। ਜਿਸ ਵੇਲੇ ਪਰਮ ਪੁਰਖ ਪਰਮਾਤਮ ਸੰਤਾਂ ਦੀ ਬਣਾਵੇ ਸਿੱਖੀ, ਸਾਖ਼ਿਆਤ ਹੋਏ ਸਹਾਈਆ। ਓਸ ਵੇਲੇ ਕਮਲੀਏ ਓਸ ਨੂੰ ਲੇਖਾ ਦੱਸੀਂ, ਆਪਣਾ ਹਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਭੁਲ ਭੁਲ ਕਦੇ ਨਾ ਜਾਈਆ। ਮਿੱਟੀ ਕਹੇ ਮਿੱਟੀ ਪ੍ਰਭ ਦੀ, ਸਿੰਘਾਸਣ ਥੱਲੇ ਧਿਆਨ ਲਗਾਈਆ। ਜੋ ਸਾਂਭ ਰੱਖੀ ਚਿਰ ਦੀ, ਚਿਰੀ ਵਿਛੁੰਨੀ ਆਪਣੀ ਝੋਲੀ ਪਾਈਆ। ਜਿਸ ਵਿਚ ਆਸ ਓਸ ਪਿਰ ਦੀ, ਜੋ ਪ੍ਰੇਮੀਆਂ ਦਾ ਪ੍ਰੇਮੀ, ਨੇਮੀਆਂ ਦਾ ਨੇਮੀ, ਹੇਮੀਆਂ ਦਾ ਹੇਮੀ, ਹੇਮਕੁੰਡ ਵਾਲੇ ਨੂੰ ਨਾਲ ਮਿਲਾਈਆ। ਜਿਸ ਨੇ ਤਾਰੇ ਸਧਨਾ ਸੈਣੀ, ਰਵਿਦਾਸ ਚੁਮਾਰੇ ਦਿਤੀ ਵਡਿਆਈਆ। ਓਸ ਦਾ ਦਰਸ਼ਨ ਕਰਾਂ ਨੈਣੀਂ, ਨਿਜ ਘਰ ਦਰਸ਼ਨ ਆਪਣੇ ਪਾਈਆ। ਉਹਦੀ ਭਗਤਾਂ ਦੀ ਸੰਗਤ ਦੀ ਚੰਗੀ ਲਗੀ ਬਹਿਣੀ, ਜਿਹੜੇ ਚੁਪ ਚੁਪੀਤੇ ਆਤਮ ਅਤੀਤੇ ਸਚ ਪ੍ਰੀਤੇ ਵਿਚ ਸਮਾਈਆ। ਨਾ ਢੋਲਕ ਤੇ ਨਾ ਛੈਣੇ, ਪਰਮ ਪੁਰਖ ਦੇ ਭਾਣੇ ਜਿਨ੍ਹਾਂ ਨੇ ਸਹਿਣੇ, ਸਦ ਸਦ ਖ਼ੁਸ਼ੀ ਮਨਾਈਆ। ਜਿਨ੍ਹਾਂ ਦੇ ਮੁਕੇ ਪਿਛਲੇ ਲਹਿਣੇ, ਅਗਲੇ ਦੇਣੇ ਦੇਵਣਹਾਰ ਦੇ ਦੇ ਆਪਣੀ ਖ਼ੁਸ਼ੀ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਉਹ ਮਿੱਟੀ ਕਹੇ ਮੇਰੀ ਆਸ ਅੰਦਰੂਨੀ, ਬਾਹਰੋਂ ਸੁਣਨ ਕੋਇ ਨਾ ਪਾਈਆ। ਮੇਰਾ ਨਾਤਾ ਤੁਟਿਆ ਬੈਰੂਨੀ, ਸਚ ਦਿਆਂ ਸਮਝਾਈਆ । ਮੈਂ ਦਰ ਮਾਲਕ ਦੇ ਹੋਈ ਮਮਨੂਨੀ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਸਾਹਿਬ ਬੜਾ ਅਸੂਲੀ, ਅਸਲੀਅਤ ਦੇ ਸਮਝਾਈਆ। ਤੇਰਾ ਭਗਤਾਂ ਨੂੰ ਮਿਲਣਾ ਗੱਲ ਮਾਮੂਲੀ, ਤੈਨੂੰ ਲਭਣਾ ਦੁਸ਼ਵਾਰ ਲਭਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਮਿੱਟੀ ਕਹੇ ਮੈਂ ਮਿੱਟੀ ਨਹੀਂ ਮਾਟੀ, ਮਟਕੇ ਬਣੌਣ ਵਾਲੀ ਨਜ਼ਰੀ ਆਈਆ। ਜਿਸ ਵਿਚ ਗਵਾਲਿਆਂ ਦੇ ਘਰੋਂ ਦੁਧ ਜੰਮਿਆਂ ਵਿਚ ਚਾਟੀ, ਚਟੂਰੇ ਕਹਿਕੇ ਖ਼ੁਸ਼ੀ ਵਖਾਈਆ। ਜਿਸ ਵੇਲੇ ਗੋਬਿੰਦ ਹੋ ਕੇ ਭੰਨੇ ਮਾਰ ਸਾਟੀ, ਠੀਕਰੀਆਂ ਤੋੜ ਵਖਾਈਆ। ਓਸ ਵੇਲੇ ਯਾਦ ਰਖੀਂ ਮੈਨੂੰ ਇਕ ਗੱਲ ਆਖੀ, ਹੌਲੀ ਜਿਹੀ ਦਿਤੀ ਸਮਝਾਈਆ। ਜੇ ਤੂੰ ਨਾ ਮੇਰੀ ਪਤ ਰਾਖੀ, ਤੈਨੂੰ ਗੋਬਿੰਦ ਕਹੇ ਕੋਈ ਨਾ ਰਾਈਆ । ਓਸ ਨੇ ਕਿਹਾ ਆਹ ਲੈ ਮੇਰੀ ਪਾਤੀ, ਪਤਣ ਦੇ ਕੰਢੇ ਤੈਨੂੰ ਦਿਆਂ ਫੜਾਈਆ। ਜਿਸ ਵੇਲੇ ਆਇਆ ਮੇਰਾ ਪੁਰਖ ਅਬਿਨਾਸ਼ੀ, ਧੁਰ ਦਾ ਮੇਰਾ ਜੋੜ ਜੁੜਾਈਆ। ਉਹਨੇ ਬਟਵਾਰੇ ਦਾ ਲਹਿਣਾ ਦੇਣਾ ਬਾਕੀ, ਹਿਸਾਬ ਕਿਤਾਬ ਲੇਖੇ ਵਿਚੋਂ ਚੁਕਾਈਆ। ਉਹ ਤਾਜਾਂ ਦਾ ਮਾਲਕ, ਖ਼ਲਕ ਦਾ ਖ਼ਾਲਕ, ਭਗਤਾਂ ਦਾ ਪਾਲਕ, ਸੰਤਾਂ ਦਾ ਸਾਲਸ ਹੋ ਕੇ ਵੇਸ ਵਟਾਈਆ। ਖ਼ਾਲਸਾਂ ਦਾ ਖ਼ਾਲਸ, ਭਗਤਾਂ ਦੀ ਅਮਾਨਤ, ਸਹੀ ਸਲਾਮਤ ਉਹਨਾਂ ਦੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਖ਼ਾਲਕ ਕਹੇ ਮੈਂ ਬੇਸ਼ਕ ਖ਼ਾਕੀ, ਖ਼ਾਕੇ ਸਭ ਦੇ ਰਿਹਾ ਬਣਾਈਆ। ਜਿੰਨਾਂ ਚਿਰ ਮੇਰੀ ਧੂੜ ਕਿਸੇ ਮਸਤਕ ਲਗੇ ਨਾ ਓਨਾਂ ਚਿਰ ਨਾ ਮੁਕਦੀ ਵਾਟੀ, ਗੁਰ ਪੀਰ ਰਹਿਮ ਨਾ ਕੋਇ ਕਮਾਈਆ । ਮੈਂ ਭਗਤਾਂ ਦਾ ਸਦਾ ਸਾਥ ਦੇਵਾਂ ਬਣਕੇ ਸਾਥੀ, ਸਗਲਾ ਸੰਗ ਨਿਭਾਈਆ। ਜੇ ਗੁਰਮੁਖ ਮੰਨਣ ਮੇਰੀ ਆਖੀ, ਗੁਰਮੁਖ ਮੇਰੇ ਵਾਂਗ ਖ਼ਾਕ ਹੋ ਕੇ ਪ੍ਰਭ ਚਰਨ ਧੂੜ ਲਗਾ ਕੇ ਆਪਣਾ ਆਪ ਦੇਣ ਤਜਾਈਆ। ਕਿਉਂ ਨਾ ਜਗੇ ਉਹਨਾਂ ਦਾ ਦੀਵਾ ਬਾਤੀ, ਘਰ ਆਏ ਕਿਉਂ ਨਾ ਸੱਚਾ ਮਾਹੀਆ । ਉਹ ਕਿਸ ਤਰਾ ਵਿਛੋੜਾ ਹੋਵੇ ਭਗਤਾਂ ਦਾ ਸਾਰੀ ਰਾਤੀ, ਇਕੱਲਿਆਂ ਨੀਂਦ ਕਦੇ ਨਾ ਆਈਆ। ਗੋਬਿੰਦ ਲੇਖਾ ਪੁਰਖ ਸਮਰਾਥੀ, ਦਾਸਾਂ ਦਾ ਦਾਸ, ਸਵਾਸਾਂ ਦਾ ਸਵਾਸ, ਆਸਾਂ ਦਾ ਆਸ, ਪਰਕਾਸ਼ਾਂ ਦਾ ਪਰਕਾਸ਼, ਨਿਵਾਸਾਂ ਦਾ ਨਿਵਾਸ, ਬਹੁਭਾਂਤੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਹਰਿਜਨ ਸਾਚੇ ਪਾਰ ਲੰਘਾਈਆ। ਖ਼ਾਕ ਕਹੇ ਤਾਂ ਮੰਨਾਂ ਜੇ ਸਿਰ ਤੋਂ ਲਾਹਵੇਂ ਕਲਗੀ, ਕਲਗੀ ਵਾਲੇ ਆਪਣੀ ਕਲ ਵਰਤਾਈਆ। ਮੇਰਾ ਗ਼ਰੀਬਣੀ ਦਾ ਹੋਵੇਂ ਦਰਦੀ, ਭਗਵਨ ਹੋ ਕੇ ਦਰਦ ਵੰਡਾਈਆ । ਮੈਨੂੰ ਤੇਰੇ ਥੱਲੇ ਬੈਠਿਆਂ ਲਗੇ ਮੂਲ ਨਾ ਸਰਦੀ, ਜਗਤ ਠੰਡਕ ਨਜ਼ਰ ਨਾ ਆਈਆ। ਪਿਛਲੀ ਰਾਤ ਧੂੜ ਭਗਤਾਂ ਦੀ ਸੇਵਾ ਰਹੀ ਕਰਦੀ, ਟਿੱਕੇ ਮਸਤਕ ਸਭ ਦੇ ਲਾਈਆ। ਮੈਂ ਬੈਠੀ ਰਹੀ ਡਰਦੀ, ਆਪਣੀ ਨਾ ਅੱਖ ਖੁਲ੍ਹਾਈਆ। ਜਿਸ ਵੇਲੇ ਰੈਣ ਆਈ ਮੇਰੇ ਯਾਰ ਦੀ, ਯਰਾਨਾ ਪਿਛਲਾ ਯਾਦ ਕਰਾਈਆ। ਬਾਲਮੀਕ ਹੁਣ ਲੋੜ ਨਹੀਂ ਕਿਸੇ ਵਿਚਾਰ ਦੀ, ਵਿਚਰੇ ਹੋਏ ਲੇਖੇ ਪੂਰ ਕਰਾਈਆ। ਮੈਂ ਓਸ ਨੂੰ ਕਦੇ ਨਾ ਵਿਸਾਰਦੀ, ਜੋ ਵਿਸਰ ਗਿਆਂ ਆਪਣੇ ਨਾਲ ਜੁੜਾਈਆ। ਮੈਂ ਭੁੱਖੀ ਓਸ ਦੇ ਪਿਆਰ ਦੀ, ਜਿਸ ਦਾ ਪ੍ਰੇਮ ਪ੍ਰੇਮਿਕਾ ਸਕੇ ਨਾ ਕੋਇ ਨਿਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਿਛਲੀ ਧੂੜੀ ਦੀ ਲੇਖੇ ਲਾਏ ਮਜ਼ਦੂਰੀ, ਜ਼ਰੂਰੀ ਆਪਣੇ ਚਰਨਾਂ ਨਾਲ ਛੁਹਾਈਆ । ਚਰਨਾਂ ਨਾਲ ਛੋਹ ਕੇ ਗਾਉਂਦੀ ਉਠੀ ਗੀਤ, ਭਗਤਾਂ ਰਹੀ ਸੁਣਾਈਆ। ਵੀਰੋ ਤੁਹਾਡਾ ਮੀਤ, ਪੀਰੋ ਤੁਹਾਡਾ ਬੇਪਰਵਾਹੀਆ। ਗੁਰ ਅਵਤਾਰੋ ਤੁਹਾਡਾ ਮਿਤਰ ਠੀਕ, ਪਰਮੇਸ਼ਵਰ ਨੂਰ ਖ਼ੁਦਾਈਆ। ਜਿਸ ਦੇ ਵਿਚ ਇਕ ਤੌਫ਼ੀਕ਼, ਤੁਆਰਫ਼ ਸਿੱਧਾ ਆਪਣੇ ਨਾਲ ਕਰਾਈਆ। ਨਾ ਭਾਗ ਵੇਖੇ ਨਾ ਨਸੀਬ, ਨਾ ਕਰਮ ਜਨਮ ਸਮਝਾਈਆ। ਜਿਸ ਉਪਰ ਕਿਰਪਾ ਕੀਤੀ ਓਸ ਦਾ ਲੇਖੇ ਲਗਾ ਸੀਸ, ਜਗਦੀਸ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਇਕ ਅਖਵਾਈਆ । ਧੂੜ ਕਹੇ ਪ੍ਰਭ ਬੰਨ੍ਹ ਲੈ ਸੇਹਰਾ, ਤਾਜ ਤਖ਼ਤ ਤੇਰਾ ਤੋਹੇ ਭਾਈਆ। ਸ਼ਹਿਨਸ਼ਾਹ ਹੋ ਕੇ ਕਰੇਂ ਮਿਹਰਾ, ਰਹਿਮਤ ਮੇਘ ਬਰਸਾਈਆ। ਭਗਤਾਂ ਅੰਦਰ ਲਾ ਕੇ ਡੇਰਾ, ਡੰਕਾ ਇਕ ਵਜਾਈਆ। ਸੰਤਾਂ ਵਸਾ ਕੇ ਸਾਚੇ ਖੇੜਾ, ਘਰ ਮੰਦਰ ਸੁਹਾਈਆ। ਗੁਰਮੁਖਾਂ ਭੇਵ ਚੁਕਾ ਕੇ ਮੇਰਾ ਤੇਰਾ, ਪੜਦਾ ਦਿਤਾ ਉਠਾਈਆ। ਗੁਰਮੁਖਾਂ ਕਰ ਕੇ ਸਚ ਨਿਬੇੜਾ, ਬੇੜਾ ਬੰਨੇ ਦਿਤਾ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਜਾਣੇ ਕਿਹੜਾ, ਵੇਦ ਕਤੇਬ ਸ਼ਾਸਤਰ ਸਿਮਰਤ ਪੁਰਾਨ ਅੰਜੀਲ ਕ਼ੁਰਾਨ ਤੇਰੀਆਂ ਸਿਫ਼ਤਾਂ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਭੇਵ ਖੁਲ੍ਹਾਈਆ।

    

ਸਭ ਦੇ ਬਚਨ ਅਨੋਖੇ ਸੁਣ ਕੇ ਬੋਲੀ ਰੈਣ ਭਿੰਨੜੀ, ਭੁਲਿਆਂ ਭਟਕਿਆਂ ਰਹੀ ਸੁਣਾਈਆ। ਪਤਾ ਨਹੀਂ ਅਗੇ ਖੇਲ ਕਿੰਨੜੀ, ਵੱਡੀ ਛੋਟੀ ਨਾ ਕੋਈ ਸਮਝਾਈਆ।