ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਟਿਕਾਈਆ । ਭਿੰਨੜੀ ਰੈਣ ਕਹੇ ਮੇਰੇ ਨੇਤਰਾਂ ਅਥਰੂ ਕਿਰੇ ਮੋਤੀ, ਅੰਬਰ ਧਾਰ ਵਹਾਈਆ। ਮੈਂ ਪੁਛਿਆ ਕਿਉਂ, ਓਹਨਾਂ ਕਿਹਾ ਕਮਲੀਏ ਤੂੰ ਤਕਿਆ ਨਹੀਂ ਉਹ ਮਾਲਕਾਂ ਦਾ ਮਾਲਕ ਨੂਰਾਂ ਦਾ ਨੂਰ ਜੋਤੀ, ਜੋਤ ਸਰੂਪ ਬੈਠਾ ਆਸਣ ਲਾਈਆ। ਤੂੰ ਕਿਥੇ ਰਹੀ ਸੋਤੀ, ਸੁੱਤੀ ਨਾ ਲਈ ਅੰਗੜਾਈਆ। ਤੈਨੂੰ ਅਜੇ ਤਕ ਕ਼ਲਮ ਦੀ ਹੁੱਜ ਨਹੀਂ ਮਾਰੀ ਮੋਚੀ, ਜਿਹੜਾ ਲੇਖੇ ਰਿਹਾ ਲਿਖਾਈਆ। ਉਹ ਗੁਰਮੁਖਾਂ ਦਾ ਗੁਰਮੁਖ ਗੁਰਸਿਖਾਂ ਨੂੰ ਦੇਵੇ ਸੋਝੀ, ਦੂਜਾ ਭੌ ਚੁਕਾਈਆ। ਕਿਉਂ ਮੇਲਾ ਮਿਲਿਆ ਨਾਲ ਪ੍ਰੀਤਮ ਚੋਜੀ, ਚੁਗਲੀ ਨਿੰਦਿਆ ਸਾਰੀ ਦਿਤੀ ਤਜਾਈਆ। ਉਹ ਪਿਛਲਾ ਪ੍ਰਭ ਦਾ ਖੋਜੀ, ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਵੇਖੇ ਭੱਜੇ ਵਾਹੋ ਦਾਹੀਆ। ਉਹ ਪ੍ਰੇਮ ਪਿਆਰ ਦਾ ਰੋਗੀ, ਦੁਖੜਾ ਆਪਣਾ ਰਿਹਾ ਫੁਲਾਈਆ। ਪ੍ਰਭੂ ਤੇਰੀ ਮੇਰੀ ਗੱਲ ਘਰੋਗੀ, ਘਰ ਦੀ ਘਰ ਵਿਚ ਦੇ ਸਮਝਾਈਆ। ਹੁਣ ਸਾਥੋਂ ਕਿਹੜੀ ਕਰੌਣੀ ਗੋਡੀ, ਰੰਬੇ ਹੱਥ ਫੜਾਈਆ। ਤੈਨੂੰ ਲਭਦੇ ਚਲੇ ਗਏ ਬੇਦੀ ਸੋਢੀ, ਗੋਬਿੰਦ ਦਏ ਗਵਾਹੀਆ। ਤੂੰ ਮੇਲੀ ਧੁਰ ਸੰਜੋਗੀ, ਮਿਲਾਪ ਆਪਣੇ ਨਾਲ ਰਖਾਈਆ। ਸਾਨੂੰ ਦਿਸੇ ਨਾ ਕੋਈ ਵਿਰੋਧੀ, ਸਭ ਘਟ ਤੇਰਾ ਨੂਰ ਨਜ਼ਰੀ ਆਈਆ। ਜਿਹੜਾ ਬੁਰਾ ਕਹੇ ਉਹਨੂੰ ਅਜੇ ਤੇਰੀ ਨਹੀਂ ਆਈ ਸੋਝੀ, ਜੇ ਸਮਝਾ ਦੇਵੇਂ ਓਹਵੀ ਸਾਡੇ ਵਰਗਾ ਬਹਿ ਬਹਿ ਖ਼ੁਸ਼ੀ ਮਨਾਈਆ। ਆਪੇ ਭਗਤਾਂ ਦੇ ਹੱਥ ਲਾਵੇ ਗੋਡੀਂ, ਗੋਡਿਆਂ ਤੋਂ ਥੱਲੇ ਚਰਨਾਂ ਵਲ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇ ਸਮਝਾਈਆ। ਭਿੰਨੜੀ ਰੈਣ ਕਹੇ ਪ੍ਰਭੂ ਵੇਖੋ ਰੰਗੀਲਾ, ਰੰਗਾਂ ਵਾਲਿਓ ਸਭ ਦੀ ਰੰਗਤ ਰਿਹਾ ਬਦਲਾਈਆ। ਜਿਸ ਦਾ ਕਲਜੁਗ ਸਤਿਜੁਗ ਸਤਿਜੁਗ ਕਲਜੁਗ ਦੋਹਾਂ ਦਾ ਇਕ ਵਸੀਲਾ, ਵਾਸਤਾ ਆਪਣੇ ਨਾਲ ਜੁੜਾਈਆ। ਪਹਿਲੋਂ ਭਗਤਾਂ ਦਾ ਵੇਖ ਕ਼ਬੀਲਾ, ਫੇਰ ਕ਼ਬਰਾਂ ਵਿਚੋਂ ਪੀਰ ਪੈਗ਼ੰਬਰ ਲਏ ਉਠਾਈਆ। ਅਗੇ ਲੈਣ ਨਾ ਦੇਵੇ ਭੇਟਾ, ਤਾਬੇਦਾਰੀ ਦਾ ਇਕੋ ਹੁਕਮ ਮਨਾਈਆ। ਸਤਾਰਾਂ ਪੋਹ ਕਹੇ ਵੇਖੋ ਕਿੱਡਾ ਸੋਹਣਾ ਠੰਡਾ ਮਹੀਨਾ, ਮਿਹਰ ਉਤੇ ਮਿਹਰ ਰਿਹਾ ਬਰਸਾਈਆ। ਕਿਰਪਾ ਕਰੇ ਤੇ ਬਖ਼ਸ਼ੇ ਏਕ ਯਕੀਨਾ, ਬੇਇਤਬਾਰੀ ਹੋਈ ਸਰਬ ਲੋਕਾਈਆ। ਦਇਆ ਕਰੇ ਬਣਾਏ ਆਪਣੇ ਅਧੀਨਾ, ਹੰਕਾਰੀ ਹੋ ਕੇ ਸਾਰੇ ਰਹੇ ਕੁਰਲਾਈਆ। ਕਿਰਪਾ ਕਰੇ ਠੰਡਾ ਕਰੇ ਸੀਨਾ, ਚਾਰ ਕੁੰਟ ਕਲਜੁਗ ਅਗਨੀ ਅੱਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਾਰਸ ਹੋ ਕੇ ਆਪਣੀ ਸੇਵ ਕਮਾਈਆ। ਭਿੰਨੜੀ ਰੈਣ ਕਹੇ ਮੈਂ ਵੇਖਿਆ ਵਾਰਸ ਦਿੰਦਾ ਵਿਰਸਾ, ਵਸਤ ਅਮੋਲਕ ਇਕ ਵਰਤਾਈਆ। ਜਨਮ ਕਰਮ ਬਦਲ ਕੇ ਮੇਟੇ ਅਗਲੀ ਹਿਰਸਾ, ਹਵਸ ਦੇਵੇ ਬੁਝਾਈਆ। ਜਨਮ ਮਰਨ ਦੀ ਖੇਲ ਕਰ ਕੇ ਬਿਰਥਾ, ਸਿੱਧਾ ਇਕੋ ਰਾਹ ਵਖਾਈਆ। ਪਰਦਾ ਲਾਹ ਕੇ ਘਰ ਥਿਰ ਦਾ, ਸਾਚੇ ਮੰਦਰ ਦਏ ਵਡਿਆਈਆ। ਜਿਨ੍ਹਾਂ ਦਾ ਲੇਖਾ ਚਿਰ ਦਾ, ਚਿਰੀ ਵਿਛੁਨਿਆਂ ਲੇਖਾ ਲੇਖੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਿਛੇ ਆਪੇ ਫਿਰਦਾ, ਫ਼ਾਇਦਾ ਘਰ ਘਰ ਰਿਹਾ ਪਹੁੰਚਾਈਆ। ਜੇ ਹੋਵੇ ਨਾ ਸੂਮ, ਜਗ ਲੁਟ ਲੁਟ ਸਾਰਾ ਖਾਈਆ। ਪਹਿਲੋਂ ਭਗਤਾਂ ਨਾਲ ਮਿਲਾ ਕੇ ਤਾਸੀਰ ਆਪਣੇ ਖ਼ੂਨ, ਖ਼ਾਲਸ ਲਵਾਂ ਬਣਾਈਆ। ਫੇਰ ਅੰਮ੍ਰਿਤ ਪੀਣ ਦਾ ਜਾਮ ਨਾਲੇ ਦੱਸਾਂ ਮਾਜੂਨ, ਕਿਸ ਬਿਧ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਕੁਛ ਦੇਵਣਹਾਰ ਵਡਿਆਈਆ। ਜੇ ਸੂਮ ਨਾ ਹੁੰਦਾ ਕਲਜੁਗ ਲੈਂਦਾ ਲੁਟ, ਠਗ ਚੋਰ ਯਾਰ ਬਹੁਤੇ ਨਜ਼ਰੀ ਆਈਆ। ਵੇਖੋ ਕਿੰਨਿਆਂ ਤੋਂ ਓਹਲੇ ਕਿੰਨਿਆਂ ਤੋਂ ਪੜਦੇ ਵਿਚ ਲੁਕਾ ਕੇ ਰਖਿਆ ਤੁਹਾਡਾ ਘੁਟ, ਕੋਲ ਬਹਿਣ ਵਾਲਿਆਂ ਨੂੰ ਸਮਝ ਨਾ ਦਿਤੀ ਰਾਈਆ। ਜਿਨ੍ਹਾਂ ਨੂੰ ਪਿਔਣਾ ਉਹਨਾਂ ਨੂੰ ਹੌਲੀ ਹੌਲੀ ਰਿਹਾ ਪੁਛ, ਦੂਰ ਦੁਰਾਡੇ ਲਹਿਣੇ ਰਿਹਾ ਚੁਕਾਈਆ। ਜਿੰਨਾਂ ਚਿਰ ਪਿਓ ਕੋਲੋਂ ਪੁਤ ਨਾ ਹੋਵਣ ਖ਼ੁਸ਼, ਓਨਾਂ ਚਿਰ ਕੌਣ ਇੱਜ਼ਤ ਕਰ ਕੇ ਖ਼ੁਸ਼ੀ ਦਏ ਵਖਾਈਆ। ਜੇ ਰਵਿਦਾਸ ਤੂੰ ਰਿਹੋਂ ਚੁਪ, ਮੈਂ ਵੀ ਰਿਹਾ ਲੁਕ, ਤੂੰ ਪਿਉਂ ਬੁੱਕ, ਮੈਂ ਵੀ ਪਵਾਂ ਉਠ, ਭਗਤਾਂ ਉਪਰ ਤੁਠ, ਘੁਟ ਅੰਮ੍ਰਿਤ ਦਿਆਂ ਵਰਤਾਈਆ। ਇਹ ਗੁਸਤਾਖ਼ੀ ਨਹੀਂ ਕਹਿਣਾ ਮੁਆਫ਼ੀ ਵਾਲੀ ਸੁਖ, ਵਿਛੋੜੇ ਵਾਲਾ ਦੁਖ ਅੰਦਰੋਂ ਦਿਆਂ ਕਢਾਈਆ। ਗੋਦੀ ਵਿਚ ਚੁਕ, ਉਜਲ ਕਰਕੇ ਮੁਖ, ਨਾਭੀ ਵਿਚੋਂ ਅੰਮ੍ਰਿਤ ਪਿਆਵਾਂ ਆਪਣਾ ਘੁਟ, ਘੁੱਟ ਕੇ ਆਪਣੇ ਨਾਲ ਲਗਾਈਆ। ਫੇਰ ਕਿਹੜਾ ਜਾਵੇ ਛੁਟ, ਕਿਹੜਾ ਜਾਵੇ ਰੁਠ, ਜਿਸ ਵੇਲੇ ਰੁਸਿਆਂ ਲਏ ਮਨਾਈਆ। ਮੇਰੇ ਕੋਲ ਸਭ ਕੁਛ, ਕਿਸੇ ਹੋਰ ਨੂੰ ਨਹੀਂ ਦੇਣਾ ਕੁਛ, ਸਭ ਤੁਹਾਡੀ ਝੋਲੀ ਪਾਈਆ। ਜਿਸ ਬੱਚੇ ਲਈ ਲਿਆ ਪੁਛ, ਉਹ ਬਾਲਾ ਤੇਰੀ ਅੰਦਰ ਕੁੱਖ, ਨਿਰਗੁਣ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ । ਜੇ ਸੂਮ ਨਾ ਹੁੰਦਾ ਤੇਰਾ ਪਿਤਾ ਮਨ ਦਾ, ਅੰਦਰੋਂ ਦਿੰਦਾ ਹਿਲਾਈਆ। ਫੇਰ ਨਾਤਾ ਜੋੜਦਾ ਤਨ ਦਾ, ਬ੍ਰਹਮ ਦਿੰਦਾ ਭੁਲਾਈਆ। ਤੇਰੀ ਬੇਨੰਤੀ ਹੁਣ ਮੰਨਦਾ, ਅਗੇ ਦਿਆਂ ਸਮਝਾਈਆ। ਜਿਸ ਨੂੰ ਘੜਦਾ ਓਸ ਨੂੰ ਭੰਨਦਾ, ਭੰਨ ਕੇ ਫੇਰ ਆਪਣੇ ਵਿਚ ਮਿਲਾਈਆ। ਕਿਉਂ ਉਹ ਤੇਰੇ ਵਰਗਾ ਸੋਹਣਾ ਬਾਲ ਜਣਦਾ, ਜਿਸ ਦਾ ਨੂਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਵੇਲੇ ਉਹਦਾ ਲੇਖਾ ਚੁਕਣਾ ਕਾਇਆ ਮਾਟੀ ਖਲ ਦਾ, ਜਾਣ ਤੋਂ ਪਹਿਲੋਂ ਖ਼ਾਲਸ ਆਪਣਾ ਦਰਸ ਦਏ ਦਿਖਾਈਆ। ਅਗੇ ਵਸੇਰਾ ਕਰੇ ਓਸ ਘਰ ਦਾ, ਜਿਸ ਘਰ ਗੁਰਮੁਖ ਨਜ਼ਰੀ ਆਈਆ। ਇਸੇ ਕਾਰਨ ਹਾਰ ਨਹੀਂ ਸੀ ਲਭਦਾ, ਜੇ ਲਭ ਜਾਂਦਾ ਫਿਰ ਬੇਨੰਤੀ ਕਰਨ ਦੀ ਲੋੜ ਰਹਿੰਦੀ ਨਾ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਮੇਂ ਅਨੁਸਾਰ ਭਗਤਾਂ ਦਿੰਦਾ ਫੱਬਦਾ, ਆਪਣੀ ਲੋੜ ਰੱਖੇ ਨਾ ਰਾਈਆ।
G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ
- Post category:Written Harbani Granth 18
