G18L061 ੧੧ ਮਾਘ ੨੦੨੧ ਬਿਕ੍ਰਮੀ ਕਪੂਰ ਸਿੰਘ ਬਰਾੜ ਦੇ ਗ੍ਰਹਿ ਮੋਗਾ

ਇਕ ਅਕੇਲਾ ਸਦ ਰਖੇ ਸਿਰ ਦੇ ਕਰ ਹਾਥ, ਪੁਸ਼ਤ ਪਨਾਹ ਆਪਣੀ ਨਿਗਾਹ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅਗਲਾ ਪਿਛਲਾ ਲੇਖਾ ਕਰਮ ਕੁਕਰਮਾ ਜਨਮ ਅਜਨਮਾ ਦੋਹਾਂ ਵਿਚੋਂ ਪਾਰ ਕਰਾਇੰਦਾ। ਧਰਨੀ ਕਹੇ ਕਿਉਂ ਬੈਠੀ ਏਥੇ ਸੰਗਤ, ਮੇਰੀ ਛਾਤੀ ਉਤੇ ਆਸਣ ਲਾਈਆ। ਕਿਸ ਬਿਧ ਚੜ੍ਹੀ ਸੋਹਣੀ ਰੰਗਤ, ਬਿਨ ਪੰਖੜੀਆਂ ਗੁਲ ਮਹਿਕਾਈਆ। ਇਕ ਵਾਰ ਮੈਂ ਹੋਈ ਮੰਗਤ, ਆਪਣਾ ਹਾਲ ਸੁਣਾਈਆ। ਮੇਰਾ ਭੇਵ ਕਿਸੇ ਨਾ ਖੋਲ੍ਹਿਆ ਪੰਡਤ, ਪਾਂਧੀ ਸਕਿਆ ਨਾ ਕੋਇ ਜਣਾਈਆ। ਮੈਂ ਦੋਏ ਜੋੜ ਕੀਤੀ ਮਿੰਨਤ, ਸੀਸ ਜਗਦੀਸ ਨਿਵਾਈਆ । ਮੇਰੇ ਵਿਚ ਪਤਾ ਨਹੀਂ ਕਿਧਰੋਂ ਆਈ ਹਿੰਮਤ, ਮੈਂ ਬਲ ਲਿਆ ਪਰਗਟਾਈਆ। ਓਧਰੋਂ ਚਲਦੇ ਚਲਦੇ ਫ਼ਰੀਦ ਨੇ ਏਥੇ ਆਣ ਕੇ ਮਾਰੀ ਕਿਲਕ, ਨਾਅਰਾ ਦਿਤਾ ਸੁਣਾਈਆ। ਓ ਕਮਲੀਏ, ਕਿਉਂ ਰਹੀ ਵਿਲਕ, ਨੇਤਰ ਨੈਣਾਂ ਨੀਰ ਵਹਾਈਆ। ਤੂੰ ਨਹੀਂ ਜਾਣਦੀ ਪਰਮ ਪੁਰਖ ਦਾ ਇਸ਼ਕ, ਸਚ ਮਾਸ਼ੂਕ ਨਾ ਰੂਪ ਵਟਾਈਆ। ਤੇਰੀ ਖੁਲ੍ਹੀ ਨਹੀਂ ਅਜੇ ਦ੍ਰਿਸ਼ਟ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਛਾਤੀ ਉਤੇ ਲਟਾਈਆ । ਮੈਨੂੰ ਅੱਖੀਂ ਜਾਪਦਾ ਜਿਵੇਂ ਅਗੰਮੀ ਵਜੇ ਲਿਸ਼ਕ, ਨੂਰੋ ਨੂਰ ਹੋਵੇ ਰੁਸ਼ਨਾਈਆ। ਜਿਸ ਦੇ ਚਰਨਾਂ ਹੇਠਾਂ ਦੱਬੇ ਪਏ ਕੋਟਨ ਕੋਟ ਬਹਿਸ਼ਤ, ਮਹਿਬੂਬ ਬੇਪਰਵਾਹੀਆ। ਜਿਸ ਦੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਨਾਮ ਸਬੂਰੀ ਬਖ਼ਸ਼ਣ ਵਾਲਾ ਸਿਦਕ, ਸਾਹਿਬ ਸੁਲਤਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰਾ ਵਡਿਆਈਆ। ਧਰਨੀ ਕਿਹਾ ਕਵਣ ਦਏ ਸੰਦੇਸ਼ਾ, ਮੈਨੂੰ ਸਮਝ ਕੁਛ ਨਾ ਆਈਆ । ਫ਼ਰੀਦ ਕਿਹਾ ਮੈਂ ਦਰਵੇਸ਼ਾ, ਦਰਦੀ ਹੋ ਕੇ ਦਰਦ ਵੰਡਾਈਆ। ਧਰਨੀ ਕਿਹਾ ਤੂੰ ਕੀ ਖੇਲ ਵੇਖਾ, ਮੈਨੂੰ ਪਰਦਾ ਦੇ ਖੁਲ੍ਹਾਈਆ। ਓਸ ਕਿਹਾ ਮੈਨੂੰ ਅਗਲਾ ਜਾਪਦਾ ਲੇਖਾ, ਜੋ ਪਰਵਰਦਿਗਾਰ ਰਿਹਾ ਜਣਾਈਆ। ਧਰਨੀ ਕਿਹਾ ਕੁਛ ਹੋਰ ਦੇ ਸੰਦੇਸ਼ਾ, ਤੇਰੇ ਅਗੇ ਮੰਗ ਮੰਗਾਈਆ। ਓਸ ਕਿਹਾ ਜਿਸ ਵੇਲੇ ਆਵੇ ਨਰ ਨਰੇਸ਼ਾ, ਨਰ ਨਰਾਇਣ ਫੇਰਾ ਪਾਈਆ। ਸ਼ਬਦੀ ਧਾਰ ਉਸ ਦਾ ਬੇਟਾ, ਧੁਰ ਦਾ ਜੋੜ ਜੁੜਾਈਆ। ਉਹ ਬਣ ਕੇ ਖੇਵਟ ਖੇਟਾ, ਪਤਣ ਆਵੇ ਬਣ ਕੇ ਸੱਚਾ ਮਾਹੀਆ। ਇਹ ਯਾਦ ਰੱਖੀਂ ਓਸ ਨੇ ਯਾਦ ਰਖਣਾ ਤੇਰਾ ਚੇਤਾ, ਚੇਤਨ ਭੁਲ ਕਦੇ ਨਾ ਜਾਈਆ । ਧਰਨੀ ਕਿਹਾ ਮੈਂ ਕਿਸ ਬਿਧ ਓਸ ਨੂੰ ਵੇਖਾਂ, ਬਿਧ ਆਪਣੀ ਦੇ ਜਣਾਈਆ । ਫ਼ਰੀਦ ਕਿਹਾ ਉਹ ਸਭ ਦਾ ਨੇਤਾ, ਨਰ ਨਿਰੰਕਾਰ ਇਕ ਅਖਵਾਈਆ । ਜਿਸ ਵੇਲੇ ਮਿਹਰਵਾਨ ਹੋ ਕੇ ਜਨ ਭਗਤਾਂ ਖੋਲ੍ਹੇ ਆਪਣਾ ਭੇਤਾ, ਭੇਵ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਧਰਨੀ ਕਹੇ ਕਿਹੜੀ ਹੋਵੇ ਰੁਤ, ਮੈਨੂੰ ਰੁਤੜੀ ਦੇ ਸਮਝਾਈਆ। ਆਵੇ ਅਬਿਨਾਸ਼ੀ ਅਚੁਤ, ਪਤਿਪਰਮੇਸ਼ਵਰ ਵੇਸ ਵਟਾਈਆ। ਜਨ ਭਗਤਾਂ ਉਪਰ ਜਾਏ ਤੁਠ, ਮਿਹਰ ਨਜ਼ਰ ਉਠਾਈਆ। ਮੇਰੀ ਲੇਖੇ ਲਾਏ ਖ਼ਾਕ ਮਿੱਟੀ ਮੁਠ, ਧੂੜੀ ਆਪਣੀ ਚਰਨ ਛੁਹਾਈਆ । ਮੇਰਾ ਲਹਿਣਾ ਜਾਏ ਮੁਕ, ਮੁਫ਼ਤ ਦਏ ਵਡਿਆਈਆ। ਫ਼ਰੀਦ ਨੇ ਕਿਹਾ ਓਸ ਵੇਲੇ ਮੇਰੀ ਆਸ਼ਾ ਹੋਵੇ ਖ਼ੁਸ਼, ਮਨਸਾ ਵਜੇ ਵਧਾਈਆ। ਮੈਂ ਰਹਿਣਾ ਨਹੀਂ ਚੁਪ, ਆ ਕੇ ਹੋਕਾ ਦੇਣਾ ਸੁਣਾਈਆ। ਜਿਸ ਦਾ ਮੇਲ ਹੋਇਆਂ ਪੈਂਡਾ ਜਾਏ ਮੁਕ, ਮੰਜ਼ਲ ਮਿਲੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖ ਰਿਹਾ ਵਖਾਈਆ। ਧਰਨੀ ਕਹੇ ਮੇਰੇ ਵਡ ਵਡਭਾਗ, ਭਾਗਾਂ ਭਰੀ ਖ਼ੁਸ਼ੀ ਮਨਾਈਆ। ਜਿਨ੍ਹਾਂ ਗੁਰਮੁਖਾਂ ਪਿੱਛੇ ਮੇਲਾ ਹੋਇਆ ਆਜ, ਘੜੀ ਸੁਹੰਜਣੀ ਖ਼ੁਸ਼ੀ ਮਨਾਈਆ। ਮੈਂ ਅਗੰਮ ਅਗੰਮੜੇ ਦੇ ਗਾਵਾਂ ਰਾਗ, ਬਿਨ ਰਸਨਾ ਜਿਹਵਾ ਬੱਤੀ ਦੰਦ ਸੁਣਾਈਆ। ਮੇਰਾ ਲੇਖਾ ਚੁਕਿਆ ਪੁੰਨੀ ਆਸ, ਤ੍ਰਿਸ਼ਨਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਦੀ ਪੂਰੀ ਕਰ ਕੇ ਖ਼ਾਹਿਸ਼, ਖ਼ਾਲਸ ਭਗਤਾਂ ਰੰਗ ਚੜ੍ਹਾਈਆ।